AMRIT VELE DA HUKAMNAMA SRI DARBAR SAHIB SRI AMRITSAR, ANG 510, 01-12-23
ਸਲੋਕ ਮ: ੩॥ ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥ ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥ ਹੁਕਮੁ ਭੀ ਤਿਨ੍ਹ੍ਹਾ ਮਨਾਇਸੀ ਜਿਨ੍ਹ੍ਹ ਕਉ ਨਦਰਿ ਕਰੇਇ ॥ ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥ ਮ: ੩ ॥ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥ਨਾਨਕ ਸੁਖਿ ਵਸਨਿ ਸੁੋਹਾਗਣੀ ਜਿਨ੍ਹ੍ਹ ਪਿਆਰਾ ਪੁਰਖੁ ਹਰਿ ਰਾਉ ॥੨॥ ਪਉੜੀ ॥ ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥ ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥ ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥ ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥ ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥
ਸਭ (ਜੀਵ-ਇਸਤ੍ਰੀਆਂ) ਦਾ ਖਸਮ ਇਕ ਪਰਮਾਤਮਾ ਹੈ ਜੋ ਸਦਾ ਹੀ ਇਹਨਾਂ ਦੇ ਅੰਗ-ਸੰਗ ਰਹਿੰਦਾ ਹੈ, ਪਰ, ਹੇ ਨਾਨਕ! ਜੋ (ਜੀਵ-ਇਸਤ੍ਰੀ) ਉਸ ਦਾ ਹੁਕਮ ਨਹੀਂ ਮੰਨਦੀ (ਉਸ ਦੀ ਰਜ਼ਾ ਵਿਚ ਨਹੀਂ ਤੁਰਦੀ) ਉਸ ਨੂੰ ਉਹ ਖਸਮ ਹਿਰਦੇ-ਘਰ ਵਿਚ ਵੱਸਦਾ ਹੋਇਆ ਭੀ ਕਿਤੇ ਦੂਰ ਵੱਸਦਾ ਜਾਪਦਾ ਹੈ। ਹੁਕਮ ਭੀ ਉਹਨਾਂ ਹੀ (ਜੀਵ-ਇਸਤ੍ਰੀਆਂ) ਤੋਂ ਮਨਾਂਦਾ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ; ਜਿਸ ਨੇ ਹੁਕਮ ਮੰਨ ਕੇ ਸੁਖ ਹਾਸਲ ਕੀਤਾ ਹੈ, ਉਹ ਪ੍ਰੇਮ ਵਾਲੀ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ ॥੧॥ ਜਿਸ ਜੀਵ-ਇਸਤ੍ਰੀ ਨੇ ਕੰਤ ਪ੍ਰਭੂ ਨਾਲ ਪਿਆਰ ਨਾਹ ਕੀਤਾ, ਉਹ (ਜ਼ਿੰਦਗੀ ਰੂਪ) ਸਾਰੀ ਰਾਤ ਸੜ ਮੁਈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਲੰਘੀ)। ਪਰ, ਹੇ ਨਾਨਕ! ਜਿਨ੍ਹਾਂ ਦਾ ਪਿਆਰਾ ਅਕਾਲ ਪੁਰਖ (ਖਸਮ) ਹੈ ਉਹ ਭਾਗਾਂ ਵਾਲੀਆਂ ਸੁਖ ਨਾਲ ਸੌਂਦੀਆਂ ਹਨ (ਜ਼ਿੰਦਗੀ ਦੀ ਰਾਤ ਸੁਖ ਨਾਲ ਗੁਜ਼ਾਰਦੀਆਂ ਹਨ) ॥੨॥ ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਇਕ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ; ਜੀਵਾਂ ਦੇ ਕਰਮਾਂ ਦੀ ਬਿਧ ਬਨਾਣ ਵਾਲਾ ਉਹ ਪ੍ਰਭੂ ਕਿਸੇ ਚਤੁਰਾਈ ਸਿਆਣਪ ਨਾਲ ਨਹੀਂ ਲੱਭਦਾ; ਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿਚ ਵੱਸਦਾ ਹੈ ਤੇ ਸੌਖਾ ਹੀ ਪਛਾਣਿਆ ਜਾ ਸਕਦਾ ਹੈ। ਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਨ੍ਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸਨਾ ਦੀ ਅੱਗ ਬੁਝ ਜਾਂਦੀ ਹੈ; ਇਹ ਉਸ ਵੱਡੇ ਦੀ ਵਡਿਆਈ ਹੈ ਕਿ (ਜੀਵ ਪਾਸੋਂ) ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਕਰਾਂਦਾ ਹੈ ॥੬॥