ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਇਕ ਵਾਰ ਫਿਰ ਯਾਤਰਾ ‘ਤੇ ਜਾਣ ਵਾਲੇ ਹਨ। 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਦਾ ਨਾਂ ‘ਭਾਰਤ ਜੋੜੋ ਨਿਆਂ ਯਾਤਰਾ’ ਹੋਵੇਗਾ। ਇਹ ਜਾਣਕਾਰੀ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦਿੱਤੀ ਹੈ। ਪਹਿਲਾਂ ਇਸ ਯਾਤਰਾ ਨੂੰ ‘ਭਾਰਤ ਨਿਆਂ ਯਾਤਰਾ’ ਦਾ ਨਾਂ ਦਿੱਤਾ ਗਿਆ ਸੀ।
ਜੈਰਾਮ ਰਮੇਸ਼ ਨੇ ਕਿਹਾ, “ਯਾਤਰਾ ਮਣੀਪੁਰ ਦੀ ਰਾਜਧਾਨੀ ਇੰਫਾਲ ਤੋਂ ਸ਼ੁਰੂ ਹੋਵੇਗੀ। ਯਾਤਰਾ 14 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।” ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਸ ਦੌਰੇ ਦੌਰਾਨ ਸਮਾਜਿਕ, ਆਰਥਿਕ ਅਤੇ ਸਿਆਸੀ ਨਿਆਂ ਬਾਰੇ ਆਪਣੇ ਵਿਚਾਰ ਜਨਤਾ ਸਾਹਮਣੇ ਪੇਸ਼ ਕਰਨਗੇ।
ਉਨ੍ਹਾਂ ਦੱਸਿਆ ਕਿ ਇਹ 6700 ਕਿਲੋਮੀਟਰ ਲੰਬੀ ਯਾਤਰਾ 15 ਰਾਜਾਂ ਵਿੱਚੋਂ ਲੰਘੇਗੀ। ਇਸ ਦੌਰਾਨ ਰਾਹੁਲ ਗਾਂਧੀ ਬੱਸ ਅਤੇ ਪੈਦਲ ਯਾਤਰਾ ਕਰਨਗੇ। ਕਾਂਗਰਸ ਨੇਤਾ ਨੇ ਕਿਹਾ ਕਿ ਰਾਹੁਲ ਗਾਂਧੀ ਭਾਰਤ ਜੋੜੋ ਨਿਆਂ ਯਾਤਰਾ ਦੇ ਤਹਿਤ 67 ਦਿਨਾਂ ‘ਚ 6713 ਕਿਲੋਮੀਟਰ ਦਾ ਸਫਰ ਕਰਨਗੇ। ਇਹ ਯਾਤਰਾ 15 ਰਾਜਾਂ ਦੇ 110 ਜ਼ਿਲ੍ਹਿਆਂ ਵਿੱਚੋਂ ਲੰਘੇਗੀ। ਰਾਹੁਲ ਗਾਂਧੀ ਦੀ ਯਾਤਰਾ ਮੁੰਬਈ ‘ਚ ਸਮਾਪਤ ਹੋਵੇਗੀ।