ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਜੰਮਪਲ਼ ਨਿਰਮਲ ਸਿੰਘ ਦੀ ਹਾਂਗਕਾਂਗ ‘ਚ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ। ਨਿਰਮਲ ਸਿੰਘ ਮਾਂ-ਪਿਓ ਦਾ ਇਕਲੌਤਾ ਪੁੱਤ ਸੀ। ਹੋਣਹਾਰ ਨਿਰਮਲ ਸਿੰਘ ਦੀ ਬੇਵਕਤੀ ਮੌਤ ਹੋਣ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ।
ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਸੁਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਨਿਰਮਲ ਸਿੰਘ (27) ਪੰਜ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਹਾਂਗਕਾਂਗ ਗਿਆ ਸੀ। ਐਤਵਾਰ ਨੂੰ ਉਸ ਦੇ ਪੁੱਤਰ ਨਿਰਮਲ ਸਿੰਘ ਦੇ ਦੋਸਤ ਤੇਜ਼ਵੀਰ ਤੇਜੀ ਤੇ ਲੱਕੀ ਨੇ ਫੋਨ ‘ਤੇ ਦੱਸਿਆ ਕਿ ਨਿਰਮਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਉਹ ਪਿਛਲੇ ਦਿਨਾਂ ਤੋਂ ਹਸਪਤਾਲ ‘ਚ ਜ਼ੇਰੇ ਇਲਾਜ ਸੀ।ਸੁਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਪੰਜ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਹਾਂਗਕਾਂਗ ਗਿਆ ਹੋਇਆ ਸੀ। ਉਸ ਦੇ ਵਿਆਹ ਕਰਨ ਦੇ ਸੁਪਨੇ ਲਏ ਜਾ ਰਹੇ ਸਨ ਕਿ ਅੱਜ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣਨ ਨਾਲ ਉਨ੍ਹਾਂ ਦੇ ਜੀਵਨ ਨੂੰ ਗ੍ਰਹਿਣ ਲੱਗ ਗਿਆ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਮੌਕੇ ਸੁਰਜਨ ਸਿੰਘ ਤੇ ਉਸਦੇ ਭਰਾ ਗੁਰਨਾਮ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ ਲਿਆਉਣ ‘ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।













