ਜੇ ਪੰਜਾਬੀ ਮਾਧਿਅਮ ਵਿਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਇਸ ਸਬੰਧੀ ਲੋੜੀਂਦੀਆਂ ਕਿਤਾਬਾਂ ਅਤੇ ਹੋਰ ਪੜ੍ਹਨ ਸਮੱਗਰੀ ਤਿਆਰ ਕਰ ਕੇ ਦੇਣ ਲਈ ਤਿਆਰ ਹੈ। ਉਪ-ਕੁਲਪਤੀ ਪ੍ਰੋੋ. ਅਰਵਿੰਦ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਗਿਆਨੀ ਲਾਲ ਸਿੰਘ ਲੈਕਚਰ ਲੜੀ’ ਅਧੀਨ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਇਹ ਸ਼ਬਦ ਕਹੇ।ਗੂਗਲ ਵੱਲੋਂ ਆਪਣੇ ਏਆਈ ਚੈਟਬੌਕਸ ਵਿਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕਰਨ ਸਬੰਧੀ ਅੱਜ-ਕੱਲ੍ਹ ਭਖੇ ਹੋਏ ਮਸਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਇਕ ਪੱਖ ਇਹ ਵੀ ਹੈ ਕਿ ਸਾਨੂੰ ਗੂਗਲ ਜਾਂ ਕਿਸੇ ਹੋਰ ਪ੍ਰਾਈਵੇਟ ਅਦਾਰੇ ਵੱਲ ਵੇਖਣ ਦੀ ਬਜਾਏ ਆਪਣਾ ਵੱਖਰਾ ਓਪਨ-ਸੋਰਸ ਚੈਟ ਬੌਕਸ ਹੀ ਤਿਆਰ ਕਰ ਲੈਣਾ ਚਾਹੀਦਾ ਹੈ। ਜੇ ਇਸ ਸਬੰਧੀ ਲੋੜੀਂਦੇ ਫੰਡ ਉਪਲੱਬਧ ਹੋਣ ਤਾਂ ਇਹ ਕੋਈ ਅਸੰਭਵ ਗੱਲ ਨਹੀਂ ਹੈ।ਮੁੱਖ ਬੁਲਾਰੇ ਵਜੋਂ ਪਹੁੰਚੇ ਉੱਘੇ ਭਾਸ਼ਾ ਵਿਗਿਆਨੀ ਬੂਟਾ ਸਿੰਘ ਬਰਾੜ ਨੇ ਕਿਹਾ ਕਿ ਸਿਰਫ਼ ਭਾਵੁਕ ਪਹੁੰਚ ਨਾਲ਼ ਆਪਣੀ ਮਾਂ ਬੋਲੀ ਨੂੰ ਨਹੀਂ ਬਚਾਇਆ ਜਾ ਸਕਦਾ ਬਲਕਿ ਇਸ ਪੱਖੋਂ ਸਾਨੂੰ ਵਿਹਾਰਕ ਹੋਣਾ ਪਵੇਗਾ। ਨਵੀਂ ਤਕਨਾਲੋਜੀ ਦੀਆਂ ਲੋੜਾਂ ਨੂੰ ਸਮਝਦਿਆਂ ਉਸ ਨਾਲ਼ ਜੁੜਨਾ ਪਵੇਗਾ। ਉਨ੍ਹਾਂ ਕਿਹਾ ਕਿ ਭਾਸ਼ਾ ਗਤੀਸ਼ੀਲ ਵਰਤਾਰਾ ਹੈ। ਇਸ ਨੇ ਬਦਲਦੇ ਰਹਿਣਾ ਹੁੰਦਾ ਹੈ ਪਰ ਨਵੀਂ ਸ਼ਬਦਾਵਲੀ ਉਧਾਰ ਲੈਣ ਲੱਗਿਆਂ ਸਾਨੂੰ ਸਾਰੇ ਸੰਭਾਵਿਤ ਸਰੋਤਾਂ ਪ੍ਰਤੀ ਖੁੱਲ੍ਹਦਿਲੀ ਰੱਖ ਕੇ ਭਾਸ਼ਾ ਦੇ ਆਮ ਬੁਲਾਰਿਆਂ ਉੱਤੇ ਫ਼ੈਸਲਾ ਛੱਡਣਾ ਚਾਹੀਦਾ ਹੈ ਪਰ ਨਾਲ਼ ਦੀ ਨਾਲ਼ ਸਾਨੂੰ ਸਾਡੇ ਰਵਾਇਤੀ ਅਤੇ ਅਲੋਪ ਹੋ ਰਹੇ ਸ਼ਬਦਾਂ ਨੂੰ ਸ਼ਬਦਕੋਸ਼ਾਂ ਵਿਚ ਸੰਭਾਲ਼ਣ ਦੀ ਵੀ ਲੋੜ ਹੈ।
ਸ਼ਾਵਾਂ ਨਾਲ਼ ਸਬੰਧਤ ਫੈਕਲਟੀ ਦੇ ਡੀਨ ਪ੍ਰੋ. ਰਾਜੇਸ਼ ਸਰਮਾ ਵੱਲੋਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਸਾਨੂੰ ਪੰਜਾਬੀ ਭਾਸ਼ਾ ਲਈ ਚਿੰਤਾ ਦੇ ਨਾਲ਼-ਨਾਲ਼ ਚਿੰਤਨ ਕਰਨ ਦੀ ਲੋੜ ਹੈ।
ਗਿਆਨੀ ਲਾਲ ਸਿੰਘ ਦੇ ਪਰਿਵਾਰ ਤੋਂ ਪਹੁੰਚੇ ਉਨ੍ਹਾਂ ਦੇ ਸੁਪੱਤਰ ਨਰਿੰਦਰ ਸਿੰਘ ਬਰਾੜ ਨੇ ਆਪਣੇ ਪਿਤਾ ਦੀ ਸ਼ਖ਼ਸੀਅਤ ਬਾਰੇ ਵਿਚਾਰ ਪ੍ਰਗਟਾਏ। ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਵੱਲੋਂ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ।