ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਮੰਗਲਵਾਰ 23 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਦੀ ਹਿਰਾਸਤ 1 ਅਪ੍ਰੈਲ ਤੋਂ 15 ਅਪ੍ਰੈਲ, ਫਿਰ 23 ਅਪ੍ਰੈਲ ਤੱਕ ਵਧਾ ਦਿੱਤੀ ਗਈ ਸੀ। ਅਦਾਲਤ ਦੇ ਇਸ ਹੁਕਮ ਤੋਂ ਬਾਅਦ ਕੇਜਰੀਵਾਲ ਹੁਣ ਲੋਕ ਸਭਾ ਚੋਣਾਂ ਦੇ ਦੂਜੇ (26 ਅਪ੍ਰੈਲ) ਅਤੇ ਤੀਜੇ (7 ਮਈ) ਪੜਾਅ ਦੀ ਵੋਟਿੰਗ ਦੌਰਾਨ ਜੇਲ ‘ਚ ਰਹਿਣਗੇ।
ਦੱਸ ਦਈਏ ਕਿ ਈਡੀ ਨੇ 21 ਮਾਰਚ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ 22 ਮਾਰਚ ਨੂੰ ਰਾਊਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਹੋਏ, ਜਿੱਥੋਂ ਉਨ੍ਹਾਂ ਨੂੰ 28 ਮਾਰਚ ਤੱਕ ਈਡੀ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਉਹ 1 ਅਪ੍ਰੈਲ ਤੋਂ ਤਿਹਾੜ ਜੇਲ ‘ਚ ਬੰਦ ਹਨ।
ਕੇਜਰੀਵਾਲ ਤੋਂ ਇਲਾਵਾ ਬੀਆਰਐਸ ਆਗੂ ਕੇ. ਕਵਿਤਾ ਅਤੇ ਇਕ ਹੋਰ ਦੋਸ਼ੀ ਚਰਨਪ੍ਰੀਤ ਦੀ ਹਿਰਾਸਤ ਵੀ 7 ਮਈ ਤੱਕ ਵਧਾ ਦਿੱਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੁਣਵਾਈ ਦੌਰਾਨ ਕਿਹਾ ਕਿ ਕੇ. ਕਵਿਤਾ ਦੇ ਮਾਮਲੇ ‘ਚ ਏਜੰਸੀ 60 ਦਿਨਾਂ ‘ਚ ਚਾਰਜਸ਼ੀਟ ਦਾਖਲ ਕਰੇਗੀ।