Home » ਜਥੇਦਾਰ ਨੇ ਗ੍ਰੰਥੀ ਸਿੰਘ ਦੀ ਨਾਬਾਲਗ ਧੀ ਨਾਲ ਜਬਰ ਜਨਾਹ ਮਾਮਲੇ ਦਾ ਲਿਆ ਸਖ਼ਤ ਨੋਟਿਸ, ਕਾਰਵਾਈ ਲਈ ਯੂਪੀ ਦੇ ਮੁੱਖ ਮੰਤਰੀ ਯੋਗੀ ਨੂੰ ਦਿੱਤਾ ਇਕ ਹਫ਼ਤੇ ਦਾ ਅਲਟੀਮੇਟਮ…
Home Page News India India News

ਜਥੇਦਾਰ ਨੇ ਗ੍ਰੰਥੀ ਸਿੰਘ ਦੀ ਨਾਬਾਲਗ ਧੀ ਨਾਲ ਜਬਰ ਜਨਾਹ ਮਾਮਲੇ ਦਾ ਲਿਆ ਸਖ਼ਤ ਨੋਟਿਸ, ਕਾਰਵਾਈ ਲਈ ਯੂਪੀ ਦੇ ਮੁੱਖ ਮੰਤਰੀ ਯੋਗੀ ਨੂੰ ਦਿੱਤਾ ਇਕ ਹਫ਼ਤੇ ਦਾ ਅਲਟੀਮੇਟਮ…

Spread the news

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਭੀਤ ‘ਚ ਇਕ ਗ੍ਰੰਥੀ ਸਿੰਘ ਦੀ ਨਬਾਲਗ ਧੀ ਦੇ ਅਗਵਾਕਾਰ, ਜਬਰ ਜਨਾਹ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿਚ ਪੁਲਿਸ ਦੀ ਢਿੱਲਮੱਠ ‘ਤੇ ਸਖ਼ਤ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੰਦਿਆਂ ਆਖਿਆ ਹੈ ਕਿ ਜੇਕਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਿੱਖ ਸੰਗਤਾਂ ਨੂੰ ਆਪਣੇ ਪੱਧਰ ‘ਤੇ ਵੱਡੀ ਅਤੇ ਸਖ਼ਤ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ।ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਉੱਤਰ ਪ੍ਰਦੇਸ਼ ਦੇ ਗ੍ਰੰਥੀ ਸਿੰਘ ਦੀ 13 ਸਾਲਾ ਬੱਚੀ ਨੂੰ ਕੁਝ ਵਿਅਕਤੀਆਂ ਵਲੋਂ ਅਗਵਾ ਕਰ ਕੇ ਉਸ ਨਾਲ ਜਬਰ-ਜਨਾਹ ਕਰਨ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ।ਉਨ੍ਹਾਂ ਦੱਸਿਆ ਕਿ ਪੀੜਤ ਬੱਚੀ ਨੇ ਅਦਾਲਤ ਵਿਚ ਆਪਣੇ ਬਿਆਨਾਂ ਦੌਰਾਨ ਮੁਜ਼ਲਮਾਂ ਦੀ ਸ਼ਨਾਖਤ ਕੀਤੀ ਹੈ ਪਰ ਉਥੋਂ ਦੀਆਂ ਸੰਗਤਾਂ ਤੋਂ ਪਤਾ ਲੱਗਾ ਹੈ ਕਿ ਸਥਾਨਕ ਪੁਲਿਸ ਅਧਿਕਾਰੀ ਦੋ ਰਸੂਖਵਾਨ ਮੁਜ਼ਲਮਾਂ ਦਾ ਪੱਖ ਪੂਰ ਰਹੇ ਹਨ ਅਤੇ ਸ਼ਰ੍ਹੇਆਮ ਆਖ ਰਹੇ ਹਨ ਕਿ ਕਿਸੇ ਵੀ ਸੂਰਤ ਵਿਚ ਇਨ੍ਹਾਂ ਦੇ ਖ਼ਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ। ਗਿਆਨੀ ਰਘਬੀਰ ਸਿੰਘ ਨੇ ਸਖਤ ਲਹਿਜੇ ਵਿਚ ਆਖਿਆ ਕਿ ਗ੍ਰੰਥੀ ਸਿੰਘ ਤੇ ਉਸ ਦੇ ਪਰਿਵਾਰ ਦੇ ਨਾਲ ਪੂਰੀ ਸਿੱਖ ਕੌਮ ਖੜ੍ਹੀ ਹੈ ਅਤੇ ਉੱਤਰ ਪ੍ਰਦੇਸ਼ ਪੁਲਿਸ ਤੇ ਸਰਕਾਰ ਨੂੰ ਕਿਸੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ।ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਤਾਂ ਬੜੇ ਦਾਅਵੇ ਕਰਦੇ ਹਨ ਕਿ ਉਹਨਾਂ ਦੇ ਰਾਜ ਵਿਚ ਕਿਸੇ ਧੀ-ਭੈਣ ਨਾਲ ਇਕ ਚੌਕ ਵਿਚ ਬਦਸਲੂਕੀ ਕਰਨ ਵਾਲਾ ਅਗਲੇ ਚੌਕ ਵਿਚ ਗੋਲ਼ੀ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਇਕ ਗ੍ਰੰਥੀ ਸਿੰਘ ਦੀ ਨਾਬਾਲਗ ਧੀ ਦੇ ਅਗਵਾਕਾਰਾਂ ਤੇ ਬਲਾਤਕਾਰੀਆਂ ਦੇ ਖ਼ਿਲਾਫ਼ ਸਰਕਾਰ ਦਾ ਕਾਨੂੰਨ ਕਿੱਥੇ ਚਲਿਆ ਗਿਆ ਹੈ? ਉਨ੍ਹਾਂ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਉੱਤਰ ਪ੍ਰਦੇਸ਼ ਪੁਲਿਸ ਨੇ ਸਾਰੇ ਮੁਜ਼ਲਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸਿੱਖ ਸੰਗਤਾਂ ਗ੍ਰੰਥੀ ਸਿੰਘ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਪੱਧਰ ‘ਤੇ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੀਆਂ ਅਤੇ ਜੇਕਰ ਲੋੜ ਪਈ ਤਾਂ ਇਨਸਾਫ ਲੈਣ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖੁਦ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ ਅਤੇ ਨਿਕਲਣ ਵਾਲੇ ਸਾਰੇ ਸਿੱਟਿਆਂ ਦੀ ਜ਼ਿੰਮੇਵਾਰ ਉੱਤਰ ਪ੍ਰਦੇਸ਼ ਸਰਕਾਰ ਖੁਦ ਹੋਵੇਗੀ।