Home » ਓਮਾਨ ‘ਚ ਇੱਕ ਹਜ਼ਾਰ ਰਿਆਲ ’ਚ ਵੇਚੀ ਮੋਗੇ ਦੀ ਕੁੜੀ ਨੂੰ ਸੰਤ ਸੀਚੇਵਾਲ ਨੇ ਲਿਆਂਦਾ ਵਾਪਸ…
Home Page News India India News World

ਓਮਾਨ ‘ਚ ਇੱਕ ਹਜ਼ਾਰ ਰਿਆਲ ’ਚ ਵੇਚੀ ਮੋਗੇ ਦੀ ਕੁੜੀ ਨੂੰ ਸੰਤ ਸੀਚੇਵਾਲ ਨੇ ਲਿਆਂਦਾ ਵਾਪਸ…

Spread the news


ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ ਓਮਾਨ ਵਿੱਚ ਵੇਚੀ ਪੰਜਾਬ ਦੀ ਇੱਕ ਹੋਰ ਧੀ ਨੂੰ ਵਾਪਿਸ ਪਰਿਵਾਰ ਵਿੱਚ ਲਿਆਂਦਾ ਗਿਆ।ਮੋਗੇ ਤੋਂ ਆਪਣੇ ਪਰਿਵਾਰ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਆਈ ਪੀੜਤਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ। ਜੋ ਕਿ ਘਰ ਦੀ ਗੁਰਬਤ ਕਾਰਨ ਓਮਾਨ ਗਈ ਸੀ। ਜਿੱਥੇ ਉਸ ਦੀ ਇੱਕ ਰਿਸ਼ਤੇਦਾਰ ਟਰੈਵਲ ਏਜੰਟ ਨੇ ਉਸ ਨੂੰ ਇੱਕ ਹਜ਼ਾਰ ਰਿਆਲ (ਭਾਰਤੀ ਕਰੰਸੀ ਮੁਤਾਬਿਕ 2 ਲੱਖ ਰੁਪਏ) ਵਿੱਚ ਅਰਬੀ ਪਰਿਵਾਰ ਵਿੱਚ ਵੇਚ ਦਿੱਤਾ ਸੀ। ਇਸ ਪੀੜਤਾ ਨੇ ਆਪਣੇ ਦੁਖੜੇ ਸੁਣਾਦਿਆਂ ਦੱਸਿਆ ਕਿ ਉਸ ਨੂੰ ਸਿਰਫ ਇੱਕ ਮਹੀਨੇ ਦੇ ਵਿਜ਼ੀਟਰ ਵੀਜ਼ੇ ’ਤੇ ਭੇਜਿਆ ਗਿਆ ਸੀ ਜਦਕਿ ਉਸ ਨੂੰ 3 ਮਹੀਨਿਆਂ ਦਾ ਕਿਹਾ ਗਿਆ ਸੀ। ਪੀੜਤਾ ਨੇ ਦੱਸਿਆ ਕਿ 7 ਸਤੰਬਰ 2023 ਨੂੰ ਜਦੋਂ ਉਹ ਓਮਾਨ ਹਵਾਈ ਅੱਡੇ ਤੇ ਉਤਰੀ ਤਾਂ ਉਸ ਨੂੰ ਲੈਣ ਆਏ ਵਿਅਕਤੀ ਵੱਲੋਂ ਉਹਨਾਂ ਕੋਲੋਂ ਮੋਬਾਇਲ ਅਤੇ ਪਾਸਪੋਰਟ ਜ਼ਬਰਦਸਤੀ ਖੋਹ ਲਏ। ਹਵਾਈ ਅੱਡੇ ਤੋਂ ਤਿੰਨ ਘੰਟੇ ਦਾ ਸਫਰ ਤੈਅ ਕਰ ਕੇ ਉਹਨਾਂ ਨੂੰ ਇੱਕ ਬਹੁ-ਮੰਜ਼ਲੀ ਇਮਾਰਤ ਦੇ ਦਫਤਰ ਵਿੱਚ ਬੰਦ ਕਰ ਦਿੱਤਾ ਗਿਆ।ਇਸ ਸਬੰਧੀ ਪੀੜਤਾ ਦੇ ਪਤੀ ਵੱਲੋਂ 7 ਮਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ ਤੇ ਪਤਨੀ ਬਾਰੇ ਦੱਸਿਆ ਗਿਆ ਜਿਸ ਤੇ ਸੰਤ ਸੀਚੇਵਾਲ ਵੱਲੋਂ ਤੁਰੰਤ ਕਾਰਵਾਈ ਕਰਦਿਆ ਹੋਇਆ ਇਹ ਲੜਕੀ ਕੁੱਝ ਦਿਨਾਂ ਵਿੱਚ ਹੀ ਵਾਪਿਸ ਆ ਗਈ। ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖਾੜੀ ਦੇਸ਼ਾਂ ਵਿੱਚ ਲੜਕੀਆਂ ਨੂੰ ਭੇਜਣ ਤੋਂ ਗੁਰੇਜ਼ ਕੀਤਾ ਜਾਵੇ।
ਸ਼ਿਕਾਇਤ ਕਰਨ ’ਤੇ ਪੰਜਾਬ ਪੁਲਿਸ ਨੇ ਧਮਕਾਇਆ

ਪੀੜਤ ਲੜਕੀ ਨੇ ਆਪਣਾ ਦੁੱਖ ਬਿਆਨ ਕਰਦਿਆ ਪੰਜਾਬ ਪੁਲਿਸ ਦੇ ਵਿਹਾਰ ਤੇ ਹੈਰਾਨੀ ਪ੍ਰਗਟਾਈ ਕਿ ਜਦੋਂ ਉਹ ਮੋਗਾ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਗਈ ਸੀ ਤਾਂ ਉੁਲਟਾ ਉਸ ਨੂੰ ਹੀ ਡਰਾਇਆ ਧਮਾਕਿਆ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਸ਼ਿਕਾਇਤ ਕੀਤੀ ਤਾਂ ਪੁਲਿਸ ਅਧਿਕਾਰੀ ਕਹਿਣ ਲੱਗੇ ਇਹਨਾਂ ਬਿਆਨਾਂ ‘ਤੇ ਕਾਰਵਾਈ ਨਹੀਂ ਕੀਤੀ ਜਾਣੀ ਸਗੋਂ ਉਹਨਾਂ ਬਿਆਨਾਂ ‘ਤੇ ਕਾਰਵਾਈ ਕੀਤੀ ਜਾਵੇਗੀ ਜੋ ਪੁਲਿਸ ਵੱਲੋਂ ਲਿਖੇ ਜਾਣਗੇ। ਉਸ ਨੇ ਇਹ ਦੋਸ਼ ਵੀ ਲਾਇਆ ਕਿ ਪੁਲਿਸ ਅਧਿਕਾਰੀ ਨੇ ਟਰੈਵਲ ਏਜੰਟ ਦੀ ਪੱਖ ਪੂਰਦਿਆਂ ਕਿਹਾ ਕਿ ਉਸ ਵਿਚਾਰੀ ਦੇ ਤਾਂ ਪੈਸੇ ਹੀ ਮਰ ਗਏ ਹਨ, ਜਦਕਿ ਪੀੜਤਾ ਵੱਲੋਂ ਦਿੱਤੇ ਗਏ ਪੈਸਿਆਂ ਬਾਰੇ ਉਹਨਾਂ ਤੋਂ ਹੀ ਸਵਾਲ ਕੀਤੇ ਗਏ ਕਿ ਇਹ ਕਿੱਥੋਂ ਆਏ। ਪੀੜਤਾ ਨੇ ਇਸ ਗੱਲ ਦਾ ਵੀ ਗਿਲਾ ਕੀਤਾ ਕਿ ਬੇਗਾਨੇ ਮੁਲਕ ਵਿੱਚ ਹੋਏ ਇਸ ਤਸ਼ਦੱਦ ਦਾ ਇਹਨਾਂ ਦੁੱਖ ਨਹੀ ਹੋਇਆ ਜਿੰਨਾ ਆਪਣੇ ਹੀ ਮੁਲਕ ਵਿੱਚ ਇਨਸਾਫ ਲੈਣ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਵਿਵਹਾਰ ਦਾ ਹੋਇਆ।