ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਬੀਤੇ ਦਿਨੀਂ ਇੱਕ ਪੁਲਿਸ ਅਧਿਕਾਰੀ ਵੱਲੋਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਬੁਲਾਉਣ ਦੀ ਘਟਨਾ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਬਦੌਲਤ ਹੀ ਭਾਰਤ ਦੇਸ਼ ਦਾ ਸੱਭਿਆਚਾਰ ਸੁਰੱਖਿਅਤ ਹੈ।ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਸਬੰਧਤ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾਂ ਹੀ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਨ। ਕੁਦਰਤੀ ਆਫ਼ਤਾਂ ਸਮੇਂ ਸਿੱਖਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਪੂਰੀ ਦੁਨੀਆਂ ਨੇ ਸਲਾਹਿਆ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤ ਅੰਦਰ ਘੱਟਗਿਣਤੀਆਂ ਅਤੇ ਖਾਸ ਕਰ ਕੇ ਸਿੱਖਾਂ ’ਤੇ ਨਫਤਰੀ ਹਮਲੇ ਕੀਤੇ ਜਾ ਰਹੇ ਹਨ। ਕੁਝ ਫ਼ਿਰਕੂ ਮਾਨਸਿਕਤਾ ਵਾਲੇ ਲੋਕ ਅਜਿਹੀਆਂ ਹਰਕਤਾਂ ਕਰ ਕੇ ਸਮਾਜਿਕ ਭਾਈਚਾਰੇ ਨੂੰ ਵੀ ਸੱਟ ਮਾਰਦੇ ਹਨ, ਜੋ ਦੇਸ਼ ਹਿੱਤ ਵਿੱਚ ਨਹੀਂ।ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਦੀ ਰਖਵਾਲੀ ਕਰਨਾ ਹੈ, ਪਰ ਜਦੋਂ ਕੋਈ ਪੁਲਿਸ ਅਧਿਕਾਰੀ ਜਾਣਬੁੱਝ ਕੇ ਇੱਕ ਖਾਸ ਭਾਈਚਾਰੇ ਬਾਰੇ ਨਫ਼ਰਤੀ ਟਿੱਪਣੀ ਕਰਦਾ ਹੈ ਤਾਂ ਇਹ ਹੋਰ ਵੀ ਮੰਦਭਾਗਾ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿੱਖਾਂ ਖ਼ਿਲਾਫ਼ ਟਿੱਪਣੀ ਕਰਨ ਵਾਲੇ ਪੁਲਿਸ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੇਸ਼ ਵਿਚ ਨਫ਼ਰਤੀ ਮਾਹੌਲ ਪੈਦਾ ਕਰਨ ਵਾਲੇ ਅਜਿਹੇ ਲੋਕਾਂ ਨੂੰ ਜ਼ਾਬਤੇ ਵਿਚ ਰਹਿਣ ਦੀ ਹਦਾਇਤ ਵੀ ਕੀਤੀ।