ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਸਰਕਾਰ ਦਾ ਹਿੱਸਾ ਰਹੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੀ ਗਿ੍ਫ਼ਤਾਰੀ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਘਟਨਾਕ੍ਰਮ ਵਿੱਚ ਗੁਲਾਮ ਦਸਤਗੀਰ ਗਾਜ਼ੀ, ਜੋ ਹਸੀਨਾ ਸਰਕਾਰ ਵਿੱਚ ਟੈਕਸਟਾਈਲ ਅਤੇ ਜੂਟ ਮੰਤਰੀ ਸਨ, ਨੂੰ ਸ਼ਨੀਵਾਰ ਦੇਰ ਰਾਤ ਗਿ੍ਫ਼ਤਾਰ ਕਰ ਲਿਆ ਗਿਆ।ਗਾਜ਼ੀ ਨੂੰ ਢਾਕਾ ਸਥਿਤ ਉਸ ਦੀ ਰਿਹਾਇਸ਼ ਤੋਂ ਗਿ੍ਫ਼ਤਾਰ ਕੀਤਾ ਗਿਆ ਅਤੇ ਫਿਰ ਪੁੱਛਗਿੱਛ ਲਈ ਡਿਟੈਕਟਿਵ ਬ੍ਰਾਂਚ ਦੇ ਦਫ਼ਤਰ ਲਿਜਾਇਆ ਗਿਆ। ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਸਾਬਕਾ ਮੰਤਰੀ ਗਾਜ਼ੀ ਨੂੰ ਕਿਸ ਅਪਰਾਧ ਲਈ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਚਾਰ ਨਵੇਂ ਕਤਲ ਸਬੰਧੀ ਕੇਸ ਦਰਜ ਕੀਤੇ ਗਏ ਹਨ।ਐਤਵਾਰ ਨੂੰ ਹਸੀਨਾ ਦੇ ਨਾਲ ਬੰਗਲਾਦੇਸ਼ ਬਾਰਡਰ ਗਾਰਡ ਫੋਰਸ ਦੇ ਸਾਬਕਾ ਡਾਇਰੈਕਟਰ ਜਨਰਲ ਅਜ਼ੀਜ਼ ਅਹਿਮਦ ਅਤੇ 11 ਹੋਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ 2010 ਵਿੱਚ ਬੰਗਲਾਦੇਸ਼ ਰਾਈਫਲਜ਼ ਦੇ ਅਧਿਕਾਰੀ ਅਬਦੁਰ ਰਹੀਮ ਦੀ ਮੌਤ ਨਾਲ ਸਬੰਧਤ ਹੈ।ਰਹੀਮ ਦੇ ਵਕੀਲ ਪੁੱਤਰ ਅਬਦੁਲ ਅਜ਼ੀਜ਼ ਦੀ ਅਰਜ਼ੀ ‘ਤੇ ਢਾਕਾ ਮੈਟਰੋਪੋਲੀਟਨ ਮੈਜਿਸਟ੍ਰੇਟ ਮੁਹੰਮਦ ਅਖਤਰੁੱਜ਼ਮਾਨ ਦੇ ਹੁਕਮਾਂ ‘ਤੇ ਹਸੀਨਾ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਅਤੇ ਹੋਰਾਂ ਖ਼ਿਲਾਫ਼ ਕਤਲ ਦੇ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ਸਮੇਤ ਹਸੀਨਾ ਖ਼ਿਲਾਫ਼ ਹੁਣ ਤੱਕ 50 ਤੋਂ ਵੱਧ ਮਾਮਲੇ ਦਰਜ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਕਤਲ ਦੇ ਹਨ।
ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਵਿਦਿਆਰਥੀ ਵਿੰਗ ਛਤਰ ਲੀਗ ਦੇ ਸਾਬਕਾ ਜਨਰਲ ਸਕੱਤਰ ਇਸਹਾਕ ਅਲੀ ਖਾਨ ਪੰਨਾ ਦੀ ਬੰਗਲਾਦੇਸ਼ ਤੋਂ ਭਾਰਤ ਦੇ ਮੇਘਾਲਿਆ ਰਾਜ ਵਿੱਚ ਦਾਖ਼ਲ ਹੋਣ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੰਨਾ ਸ਼ਿਲਾਂਗ ਨੇੜੇ ਇਕ ਪਹਾੜੀ ਤੋਂ ਫਿਸਲ ਕੇ ਡਿੱਗ ਪਏ ਅਤੇ ਉੱਥੇ ਹੀ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।