ਜੰਮੂ-ਕਸ਼ਮੀਰ ਪੁਲਿਸ ਨੇ ਸ਼੍ਰੀਨਗਰ ਦੇ ਏਅਰ ਫੋਰਸ ਸਟੇਸ਼ਨ ਦੇ ਇੱਕ ਵਿੰਗ ਕਮਾਂਡਰ ਦੇ ਖਿਲਾਫ ਇੱਕ ਮਹਿਲਾ ਫਲਾਇੰਗ ਅਫਸਰ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ, ਪਿੱਛਾ ਕਰਨ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਲਈ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈ।ਮੁਲਜ਼ਮ ਵਿੰਗ ਕਮਾਂਡਰ ਖ਼ਿਲਾਫ਼ ਬਡਗਾਮ ਪੁਲਿਸ ਸਟੇਸ਼ਨ ਵਿੱਚ ਧਾਰਾ 376 (2) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸ਼੍ਰੀਨਗਰ ਦੇ ਏਅਰਫੋਰਸ ਸਟੇਸ਼ਨ ‘ਤੇ ਤਾਇਨਾਤ ਇਕ ਮਹਿਲਾ ਫਲਾਇੰਗ ਅਫਸਰ ਨੇ ਵਿੰਗ ਕਮਾਂਡਰ ‘ਤੇ ਜਿਨਸੀ ਸ਼ੋਸ਼ਣ ਅਤੇ ਤਸ਼ੱਦਦ ਦਾ ਦੋਸ਼ ਲਗਾਉਂਦੇ ਹੋਏ ਬਡਗਾਮ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।ਨਵੇਂ ਸਾਲ ‘ਤੇ ਕੀਤਾ ਜਬਰ ਜਨਾਹ
ਔਰਤ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ 31 ਦਸੰਬਰ 2023 ਦੀ ਰਾਤ ਨੂੰ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾਉਣ ਲਈ ਆਫੀਸਰਜ਼ ਮੈਸ ‘ਚ ਪਾਰਟੀ ਰੱਖੀ ਗਈ ਸੀ।
ਇਸ ਦੌਰਾਨ ਵਿੰਗ ਕਮਾਂਡਰ ਨੇ ਉਨ੍ਹਾਂ ਨੂੰ ਨਵੇਂ ਸਾਲ ਦੇ ਸਬੰਧ ਵਿੱਚ ਤੋਹਫ਼ਾ ਦੇਣ ਲਈ ਆਪਣੇ ਕਮਰੇ ਵਿੱਚ ਬੁਲਾਇਆ। ਵਿੰਗ ਕਮਾਂਡਰ ਨੇ ਆਪਣੇ ਕਮਰੇ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਉਸ ਨੇ ਇਸ ਦਾ ਵਿਰੋਧ ਕੀਤਾ ਅਤੇ ਕਮਰੇ ਤੋਂ ਬਾਹਰ ਜਾਣ ਦੇਣ ਦੀ ਬੇਨਤੀ ਵੀ ਕੀਤੀ। ਇਸ ਦੇ ਬਾਵਜੂਦ ਵਿੰਗ ਕਮਾਂਡਰ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ 31 ਦਸੰਬਰ 2023 ਦੀ ਰਾਤ ਤੋਂ ਬਾਅਦ ਉਸ ਨਾਲ ਵਾਪਰੀਆਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ।
ਵਿੰਗ ਕਮਾਂਡਰ ਖਿ਼ਲਾਫ਼ ਦਰਜ ਕਰਵਾਈ ਸ਼ਿਕਾਇਤ
ਔਰਤ ਨੇ ਦੋਸ਼ ਲਾਇਆ ਕਿ ਉਸ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੀੜਤ ਨੇ ਵਿੰਗ ਕਮਾਂਡਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪਰ ਮਾਮਲੇ ਦੀ ਸਹੀ ਜਾਂਚ ਨਹੀਂ ਕੀਤੀ ਗਈ। ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਵੀ ਉਸ ਦੀ ਮੈਡੀਕਲ ਜਾਂਚ ਵਿੱਚ ਦੇਰੀ ਕੀਤੀ ਗਈ ਅਤੇ ਹੋਰ ਰਸਮੀ ਕਾਰਵਾਈਆਂ ਤੋਂ ਵੀ ਜਾਣਬੁੱਝ ਕੇ ਟਾਲ-ਮਟੋਲ ਕੀਤਾ ਗਿਆ। ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਦਾ ਵਤੀਰਾ ਵੀ ਪੱਖਪਾਤੀ ਰਿਹਾ ਹੈ।
ਪੀੜਤਾ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਕਦੋਂ ਅਤੇ ਕਿੱਥੇ ਜਾਂਦੀ ਹੈ, ਕਿਸ ਨਾਲ ਗੱਲ ਕਰਦੀ ਹੈ, ਉਸ ਦੀਆਂ ਫੋਨ ਕਾਲਾਂ ਅਤੇ ਸਮਾਜਿਕ ਗੱਲਬਾਤ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਪੀੜਤ ਅਤੇ ਮੁਲਜ਼ਮ ਦੋਵੇਂ ਸ੍ਰੀਨਗਰ ਵਿੱਚ ਤਾਇਨਾਤ ਸਨ
ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਇਸ ਪਰੇਸ਼ਾਨੀ ਕਾਰਨ ਉਹ ਮਾਨਸਿਕ ਤੌਰ ’ਤੇ ਤਣਾਅ ਵਿੱਚ ਰਹਿੰਦੀ ਹੈ। ਸ਼੍ਰੀਨਗਰ ਏਅਰਫੋਰਸ ਸਟੇਸ਼ਨ ‘ਤੇ ਤਾਇਨਾਤ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਡਗਾਮ ਪੁਲਿਸ ਸਟੇਸ਼ਨ ਨੇ ਇਸ ਮਾਮਲੇ ‘ਚ ਏਅਰ ਫੋਰਸ ਸਟੇਸ਼ਨ ਨਾਲ ਸੰਪਰਕ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਇਸ ਮਾਮਲੇ ਦੀ ਜਾਂਚ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਾਂ। ਪੀੜਤ ਅਤੇ ਮੁਲਜ਼ਮ ਦੋਵੇਂ ਸ੍ਰੀਨਗਰ ਵਿੱਚ ਤਾਇਨਾਤ ਹਨ। ਹਾਲਾਂਕਿ, ਹਵਾਈ ਸੈਨਾ ਦੁਆਰਾ ਅਧਿਕਾਰਤ ਸ਼੍ਰੀਨਗਰ ਸਥਿਤ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਜ਼ਾਹਰ ਕੀਤੀ ਹੈ।