Home » ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮਾਨਸਾ ‘ਚ ਧਮਾਕਾ, ਜਾਂਚ ‘ਚ ਜੁਟੀ ਫੋਰੈਂਸਿਕ ਟੀਮ, ਪੈਟਰੋਲ ਪੰਪ ਚਾਲਕ ਤੋਂ 5 ਕਰੋੜ ਦੀ ਮੰਗੀ ਫਿਰੌਤੀ…
Home Page News India India News

ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮਾਨਸਾ ‘ਚ ਧਮਾਕਾ, ਜਾਂਚ ‘ਚ ਜੁਟੀ ਫੋਰੈਂਸਿਕ ਟੀਮ, ਪੈਟਰੋਲ ਪੰਪ ਚਾਲਕ ਤੋਂ 5 ਕਰੋੜ ਦੀ ਮੰਗੀ ਫਿਰੌਤੀ…

Spread the news

ਸਿਰਸਾ ਨੈਸ਼ਨਲ ਹਾਈਵੇ ’ਤੇ ਇਕ ਪੈਟਰੋਲ ਪੰਪ ਨੇੜੇ ਐਤਵਾਰ ਰਾਤ ਸ਼ੱਕੀ ਹਾਲਾਤ ’ਚ ਧਮਾਕਾ ਹੋ ਗਿਆ। ਹਾਲਾਂਕਿ ਇਸ ’ਚ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਐਤਵਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਆਏ ਮੈਸੇਜ ’ਚ ਕਿਸੇ ਵਿਅਕਤੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਂਦਿਆਂ, ਇਸ ਨੂੰ ਟ੍ਰੇਲਰ ਦੱਸ ਕੇ ਪੈਟਰੋਲ ਪੰਪ ਮਾਲਕ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਪੈਟਰੋਲ ਪੰਪ ਮਾਲਕ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਖੁਸ਼ਵਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਵਾਰਡ ਨੰਬਰ. 06 ਮਾਨਸਾ ਨੇ ਥਾਣਾ ਸਿਟੀ-1 ਮਾਨਸਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹ ਦੀ ਫਰਮ ‘ਸਿੱਧੂ ਪੈਟਰੋ ਸਰਵਿਸਿਜ਼’ ਦਾ ਮਾਨਸਾ-ਸਿਰਸਾ ਰੋਡ ’ਤੇ ਦੰਦੀਵਾਲ ਰਿਜ਼ੋਰਟ ਨੇੜੇ ‘ਜੀਓ ਬੀਪੀ’ ਕੰਪਨੀ ਦਾ ਪੈਟਰੋਲ ਪੰਪ ਹੈ। ਐਤਵਾਰ ਅੱਧੀ ਰਾਤ ਨੂੰ 01:37 ਵਜੇ ਪੈਟਰੋਲ ਪੰਪ ’ਤੇ ਕੰਮ ਕਰਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਪੰਪ ਦੇ ਬਾਹਰ ਡਰੇਨ ’ਚ ਇੱਕ ਧਮਾਕਾ ਹੋਇਆ ਹੈ। ਉਨ੍ਹਾਂ ਨੇ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਚੈੱਕ ਕੀਤੀ ਤਾਂ ਵੀਡੀਓ ’ਚ ਰਾਤ ਨੂੰ 01:31 ਵਜੇ ਧਮਾਕਾ ਹੁੰਦਾ ਦਿਖਾਈ ਦਿੱਤਾ। ਧਮਾਕਾ ਡਰੇਨ ’ਚ ਹੋਣ ਕਰਕੇ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
ਖ਼ੁਸ਼ਵਿੰਦਰ ਸਿੰਘ ਮੁਤਾਬਕ ਸੋਮਵਾਰ ਦੁਪਹਿਰ ਵੇਲੇ ਵਿਦੇਸ਼ੀ ਫੋਨ ਨੰਬਰ ਤੋਂ ਉਸਨੂੰ ਵ੍ਹਟਸਐਪ ਕਾਲ ਆਈ ਜੋ ਉਸਨੇ ਰਸੀਵ ਨਹੀਂ ਕੀਤੀ। ਕਾਲ ਰਸੀਵ ਨਾ ਕਰਨ ’ਤੇ ਧਮਕੀ ਭਰੇ ਮੈਸੇਜ਼ ਆਉਣੇ ਸ਼ੁਰੂ ਹੋ ਗਏ। ਵਿਦੇਸ਼ੀ ਨੰਬਰ ਤੋਂ ਆਏ ਮੈਸੇਜ ’ਚ ਲਿਖਿਆ ਗਿਆ ਹੈ, ‘ਤੇਰੇ ਪੰਪ ’ਤੇ ਰਾਤ ਹੈਂਡ ਗ੍ਰਨੇਡ ਅਸੀਂ ਸੁੱਟਿਆ ਸੀ। ਅਗਲਾ ਨਿਸ਼ਾਨਾ ਤੇਰਾ ਘਰ ਆ। ਸਾਨੂੰ 5 ਕਰੋੜ ਰੁਪਇਆ ਚਾਹੀਦਾ। ਜੇ ਨਾ ਦਿੱਤਾ ਤੇਰਾ ਟੱਬਰ ਖ਼ਤਮ ਕਰ ਦੇਣਾ। ਜੋ ਹੈਂਡ ਗ੍ਰਨੇਡ ਤੇਰੇ ਪੰਪ ਦੇ ਸਾਹਮਣੇ ਸੁੱਟਿਆ ਸੀ, ਇਹ ਇੱਕ ਟ੍ਰੇਲਰ ਸੀ। ਹੁਣ ਇਹ ਸੋਚ ਲਈ ਕੀ ਕਰਨਾ ਕਿ ਨਹੀਂ?
ਇਸ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ-1 ਦੀ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਬੇਪਛਆਣ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਕਪਤਾਨ ਪੁਲਿਸ ਭਾਗੀਰਥ ਮੀਨਾ ਤੇ ਡੀਐੱਸਪੀ ਬੂਟਾ ਸਿੰਘ ਨਾਲ ਜਦ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।