ਅਕਾਲੀ ਦਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਕ ਵਾਰ ਫਿਰ ਵਿਰਸਾ ਸਿੰਘ ਵਲਟੋਹਾ ਨੇ ਮੰਗਲਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਲਾਂ ਦੇ ਘੇਰੇ ‘ਚ ਲਿਆ। ਅਰਦਾਸ ਕਰਨ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਤਿਗੁਰੂ ਮੈਂ ਤੁਹਾਡੇ ਦਰਬਾਰ ਵਿਚ ਹਾਜ਼ਰ ਹਾਂ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੇਰੇ ‘ਤੇ ਲਗਾਏ ਗਏ ਦੋਸ਼ ਝੂਠੇ ਹਨ। ਜੇਕਰ ਗਿਆਨੀ ਹਰਪ੍ਰੀਤ ਸਿੰਘ ਕੋਲ ਕੋਈ ਸਬੂਤ ਹੈ ਤਾਂ ਉਹ ਗੁਰੂ ਪੰਥ ਦੀ ਕਚਹਿਰੀ ਵਿਚ ਪੇਸ਼ ਕਰਨ। ਗਿਆਨੀ ਹਰਪ੍ਰੀਤ ਸਿੰਘ ਦਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਵਲਟੋਹਾ ਨੇ ਕਿਹਾ ਕਿ ਅੱਜ ਮੇਰੇ ਹਿਰਦੇ ‘ਤੇ ਬਹੁਤ ਵੱਡਾ ਦਰਦ ਹੈ ਉਹ ਮੈਂ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਜ਼ਿੰਦਗੀ ਵਿਚ ਇਹ ਬੜੇ ਕਸ਼ਟ ਦੇਖੇ, ਬੜਾ ਔਖਾ ਸਮਾਂ ਦੇਖਿਆ, ਪਰ ਮੈਂ ਕਦੇ ਵੀ ਆਪਣੇ ਆਪ ਨੂੰ ਮਾਨਸਿਕ ਰੂਪ ਵਿੱਚ ਅਜਿਹੇ ਦਰਦ ‘ਚ ਮਹਿਸੂਸ ਨਹੀਂ ਕੀਤਾ। ਇਕ ਨਿਮਾਣੇ ਸਿੱਖ ਵਾਂਗ ਮੈਂ ਸਭ ਕੁਝ ਸਵੀਕਾਰ ਕਰ ਲਿਆ ਸੀ। 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੇਰੇ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ ਬੈਠ ਕੇ ਦੋਸ਼ ਲਗਾਏ ਹਨ। ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਸਤਿਗੁਰੂ ਤੇਰੇ ਦਰ ‘ਤੇ ਤੇਰੀ ਕਚਹਿਰੀ ‘ਚ ਤੇਰੀ ਫਸੀਲ ਦੇ ਥੱਲੇ ਖੜ੍ਹਾਂ ਹਾਂ। ਸਤਿਗੁਰੂ ਤੂੰ ਜਾਣੀ ਜਾਣ ਹੈ। ਕੌਣ ਸੱਚਾ ਹੈ ਕੌਣ ਝੂਠਾ ਸਤਿਗੁਰੂ ਝੂਠ ਹੈ, ਤੇਰੇ ਸਿਧਾਂਤ ਤੋਂ ਬਹੁਤ ਦੂਰ ਦੀਆਂ ਗੱਲਾਂ ਕੀਤੀਆਂ ਗਈਆਂ ਤੇਰੇ ਸਿਧਾਂਤ ਨੂੰ ਧੱਕਾ ਲਾਇਆ ਗਿਆ। ਮੇਰੇ ਵਰਗੇ ਇਕ ਨਿਮਾਣੇ ਸਿੱਖ ‘ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਿੰਨੇ ਵੀ ਦੋਸ਼ ਲਗਾਏ ਹਨ, ਭਾਵੇਂ ਉਹਨਾਂ ਨੇ ਆਪਣੇ ਆਪ ਨੂੰ ਨਿੱਜੀ ਲੈ ਕੇ ਜਾਂ ਉਹਨਾਂ ਦੇ ਪਰਿਵਾਰ ਨੂੰ ਲੈ ਕੇ, ਉਹਨਾਂ ਦੀਆਂ ਬੱਚੀਆਂ ਨੂੰ ਲੈ ਕੇ ਜਾਂ ਉਹਨਾਂ ਦੀ ਜਾਤ ਨੂੰ ਲੈ ਕੇ ਦੋਸ਼ ਲਗਾਏ ਹਨ। ਸਤਿਗੁਰੂ ਮੈਂ ਕਦੇ ਸੋਚ ਵੀ ਨਹੀਂ ਸਕਦਾ ਬਹੁਤ ਵੱਡਾ ਬੋਝ ਮੇਰੇ ‘ਤੇ ਹੈ। ਸੱਚ ਝੂਠ ਦਾ ਨਿਤਾਰਾ ਤੂੰ ਕਰਨਾ, ਪਰ ਮੇਰੀ ਇੰਨੀ ਕੁ ਬੇਨਤੀ ਤੇਰੀ ਕਚਹਿਰੀ ‘ਚ ਹਾਜ਼ਰ ਹੋ ਗਿਆ ਤੇਰੀ ਫਸੀਲ ‘ਤੇ ਹਾਜ਼ਰ ਹੋ ਗਿਆ ਮੈਂ ਆਪਣਾ ਦਰਦ ਰੱਖਦਾ ਹੋਇਆ। ਮੈਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਬੇਨਤੀ ਕਰਦਾ ਤੁਸੀਂ ਕੌਮ ਦੇ ਵਿਚ ਅਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਸੀ, ਜੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਹੈ, ਕਿ ਵਿਰਸਾ ਸਿੰਘ ਵਲਟੋਹਾ ਨੇ ਤੁਹਾਡੇ ਬਾਰੇ ਨਿੱਜੀ ਤੌਰ ‘ਤੇ ਤੁਹਾਡੀ ਸ਼ਾਨ ਦੇ ਖ਼ਿਲਾਫ਼ ਤੁਹਾਡੇ ‘ਤੇ ਕੋਈ ਹਮਲਾ ਕੀਤਾ, ਤੁਹਾਡੇ ਪਰਿਵਾਰ ਬਾਰੇ ਕੋਈ ਗੱਲ ਕੀਤੀ ਹੈ, ਤੁਹਾਡੀਆਂ ਬੱਚੀਆਂ ਜਿਹੜੀਆਂ ਮੇਰੀਆਂ ਬੱਚੀਆਂ ਹਨ, ਤੁਹਾਡਾ ਪਰਿਵਾਰ ਜਿਹੜਾ ਮੇਰਾ ਪਰਿਵਾਰ ਹੈ, ਮੈਂ ਤਾਂ ਜਾਤ-ਪਾਤ ਨੂੰ ਮੰਨਣ ਵਾਲਾ ਹੀ ਨਹੀਂ। ਮੈਂ ਹਰ ਇੱਕ ਨੂੰ ਸਿੱਖ ਦੇ ਤੌਰ ‘ਤੇ ਦੇਖਦਾ ਮੇਰੇ ‘ਤੇ ਝੂਠੇ ਦੋਸ਼ ਲਗਾਏ ਸੀ। ਮੇਰੀ ਬੇਨਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਜੇਕਰ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਹੈ, ਤਾਂ ਉਸ ਨੂੰ ਗੁਰੂ ਪੰਥ ਦੀ ਕਚਹਿਰੀ ‘ਚ ਰੱਖਣ। ਮੈਨੂੰ ਗੁਰੂ ਸਾਹਿਬ ‘ਤੇ ਭਰੋਸਾ ਹੈ ਕਿ ਮੈਨੂੰ ਇਨਸਾਫ ਜ਼ਰੂਰ ਦੇਣਗੇ।ਦੱਸਣਯੋਗ ਹੈ ਕਿ 15 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ ਵਿਰਸਾ ਸਿੰਘ ਵਲਟੋਹਾ ‘ਤੇ ਆਪਣਾ ਫ਼ੈਸਲਾ ਸੁਣਾਇਆ ਸੀ । ਵਲਟੋਹਾ ਨੇ ਅਸਤੀਫਾ ਅਕਾਲੀ ਦਲ ਨੂੰ ਭੇਜਿਆ ਸੀ ਜਿਸ ਨੂੰ ਪ੍ਰਵਾਨ ਕਰ ਲਿਆ। ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਤੇ ਉਹਨਾਂ ਦੇ ਪਰਿਵਾਰ ਬਾਰੇ ਜਾਤ ਬਾਰੇ ਸ਼ਬਦ ਬੋਲਣ ਦਾ ਇਲਜ਼ਾਮ ਲਗਾਇਆ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਸ ਸਬੰਧੀ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਗੁਰੂ ਸਾਹਿਬ ਸਾਰਾ ਕੁਝ ਆਪ ਜਾਣਦੇ ਹਨ।