ਅਮਰੀਕਾ ‘ਚ ਮੌਜੂਦ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਇਸ ਸਾਲ ਦੀ ਦੀਵਾਲੀ ਬਹੁਤ ਖਾਸ ਹੋਣ ਵਾਲੀ ਹੈ। ਦਰਅਸਲ, ਪਹਿਲੀ ਵਾਰ ਦੀਵਾਲੀ ਦੇ ਮੌਕੇ ‘ਤੇ ਨਿਊਯਾਰਕ ਦੇ ਸਕੂਲ ਬੰਦ ਰਹਿਣਗੇ। ਨਿਊਯਾਰਕ ਸਿਟੀ ਦੇ ਮੇਅਰ ਦਫ਼ਤਰ ਵਿੱਚ ਡਿਪਟੀ ਕਮਿਸ਼ਨਰ ਵਜੋਂ ਕੰਮ ਕਰਨ ਵਾਲੇ ਦਲੀਪ ਚੌਹਾਨ ਨੇ ਇਹ ਜਾਣਕਾਰੀ ਦਿੱਤੀ ਹੈ। ਨਿਊਯਾਰਕ ਦੇ ਸਕੂਲਾਂ ‘ਚ 1 ਨਵੰਬਰ ਨੂੰ ਛੁੱਟੀ ਹੋਵੇਗੀ। ਦਲੀਪ ਚੌਹਾਨ ਨੇ ਕਿਹਾ ਕਿ ਦੀਵਾਲੀ ਦੇ ਮੌਕੇ ‘ਤੇ ਨਿਊਯਾਰਕ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰਨਾ ਵੱਡੀ ਚੁਣੌਤੀ ਸੀ। ਹਿੰਦੂ ਭਾਈਚਾਰੇ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ‘ਤੇ ਅੰਦੋਲਨ ਚਲਾ ਰਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਦੀਵਾਲੀ ‘ਤੇ ਨਿਊਯਾਰਕ ਦੇ ਸਕੂਲਾਂ ‘ਚ ਛੁੱਟੀ ਹੋਣੀ ਚਾਹੀਦੀ ਹੈ। ਜੇਕਰ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ ਤਾਂ ਹਿੰਦੂ ਭਾਈਚਾਰੇ ਦੇ ਲੋਕ ਆਸਾਨੀ ਨਾਲ ਦੀਵਾਲੀ ਮਨਾ ਸਕਣਗੇ। ਦਲੀਪ ਚੌਹਾਨ ਨੇ ਕਿਹਾ ਕਿ ਉਹ ਮੇਅਰ ਐਡਮਸ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਹ ਫੈਸਲਾ ਲਿਆ। ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਵਿੱਚ 11 ਲੱਖ ਵਿਦਿਆਰਥੀ ਪੜ੍ਹਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।
ਪਿਛਲੇ 21 ਸਾਲਾਂ ਤੋਂ ਵ੍ਹਾਈਟ ਹਾਊਸ ‘ਚ ਮਨਾਈ ਜਾ ਰਹੀ ਹੈ ਦੀਵਾਲੀ
ਦੱਸ ਦਈਏ ਕਿ ਹਰ ਸਾਲ ਵ੍ਹਾਈਟ ਹਾਊਸ ‘ਚ ਵੀ ਦੀਵਾਲੀ ਮਨਾਈ ਜਾਂਦੀ ਹੈ। ਪਿਛਲੇ 21 ਸਾਲਾਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਵੀ ਆਪਣੇ ਦਫ਼ਤਰ ਵ੍ਹਾਈਟ ਹਾਊਸ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਆ ਰਹੇ ਹਨ। ਸਾਲ 2003 ਵਿੱਚ ਪਹਿਲੀ ਵਾਰ ਤਤਕਾਲੀ ਰਾਸ਼ਟਰਪਤੀ ਜਾਰਜ ਬੁਸ਼ ਨੇ ਪਹਿਲੀ ਵਾਰ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ। ਹਾਲਾਂਕਿ, ਉਹ ਕਦੇ ਵੀ ਨਿੱਜੀ ਤੌਰ ‘ਤੇ ਦੀਵਾਲੀ ਦੇ ਜਸ਼ਨਾਂ ਵਿੱਚ ਸ਼ਾਮਲ ਨਹੀਂ ਹੋਏ।