ਥਾਣਾ ਸਦਰ ਅਧੀਨ ਪੈਂਦੇ ਪਿੰਡ ਖਾਈ ਫੇਮੇਕੇ ‘ਚ ਲਾੜੀ ਦੀ ਵਿਦਾਈ ਦੌਰਾਨ ਮੈਰਿਜ ਪੈਲੇਸ ‘ਚ ਖੁਸ਼ੀ ‘ਚ ਚੱਲੀ ਗੋਲ਼ੀ ਲਾੜੀ ਦੇ ਮੱਥੇ ‘ਤੇ ਜਾ ਲੱਗੀ, ਜਿਸ ਕਾਰਨ ਸਹੁਰੇ ਘਰ ਪੁੱਜਣ ਦੀ ਬਜਾਏ ਡੋਲੀ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚੀ। ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਸੁਖਬਿੰਦਰ ਕੌਰ ਨੇ ਨਿੱਜੀ ਹਸਪਤਾਲ ਪਹੁੰਚ ਕੇ ਜ਼ਖ਼ਮੀ ਲਾੜੀ ਦਾ ਹਾਲ-ਚਾਲ ਪੁੱਛਿਆ। ਲਾੜੀ ਦੀ ਪਛਾਣ 23 ਸਾਲਾ ਭੁਪਿੰਦਰ ਕੌਰ ਪੁੱਤਰੀ ਬਾਜ ਸਿੰਘ ਵਾਸੀ ਪਿੰਡ ਹਸਮ ਧੂਤ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ, ਪਿੰਡ ਖਾਈ ਫੇਮੇਕੇ ਦੇ ਉੱਪਲ ਪੈਲੇਸ ‘ਚ ਵਿਆਹ ਤੋਂ ਬਾਅਦ ਜਦੋਂ ਰਿਸ਼ਤੇਦਾਰ ਲਾੜੀ ਨੂੰ ਵਿਦਾਈ ਦੇਣ ਦੀ ਤਿਆਰੀ ਕਰ ਰਹੇ ਸਨ ਤਾਂ ਵਿਆਹ ‘ਚ ਆਏ ਮਹਿਮਾਨਾਂ ‘ਚੋਂ ਕਿਸੇ ਨੇ ਖੁਸ਼ੀ ‘ਚ ਹਵਾ ‘ਚ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਗੋਲ਼ੀ ਲਾੜੀ ਦੇ ਮੱਥੇ ਵਿੱਚ ਲੱਗੀ। ਲਾੜੀ ਨੂੰ ਗੰਭੀਰ ਹਾਲਤ ‘ਚ ਬਾਗੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਵਿਆਹ ਲਈ ਬਾਰਾਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਤੋਂ ਆਈ ਸੀ। ਲਾੜੀ ਭੁਪਿੰਦਰ ਕੌਰ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਲੜਕੀ ਦੇ ਪਿਤਾ ਬਾਜ ਸਿੰਘ ਨੇ ਭੁਪਿੰਦਰ ਕੌਰ ਨੂੰ ਗੋਦ ਲਿਆ ਸੀ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਪੁਲਿਸ
ਡੀਐੱਸਪੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਹਸਪਤਾਲ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲ਼ੀ ਚਲਾਉਣ ਵਾਲੇ ਨੌਜਵਾਨ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਰਿਜ ਪੈਲੇਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ।
ਵਿਆਹ ਸਮਾਗਮਾਂ ‘ਚ ਗੋਲ਼ੀ ਚਲਾਉਣ ‘ਤੇ ਪਾਬੰਦੀ ਹੈ
ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਹ ਸਮਾਗਮਾਂ ਵਿੱਚ ਗੋਲ਼ੀ ਚਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਅਜਿਹਾ ਹੋਣ ‘ਤੇ ਮੈਰਿਜ ਪੈਲੇਸ ਦੇ ਮਾਲਕ ਅਤੇ ਗੋਲ਼ੀ ਚਲਾਉਣ ਵਾਲੇ ਦੋਵਾਂ ਵਿਰੁੱਧ ਕਾਰਵਾਈ ਦੀ ਵਿਵਸਥਾ ਹੈ। ਇਸ ਦੇ ਬਾਵਜੂਦ ਲੋਕ ਬਿਨਾਂ ਕਿਸੇ ਡਰ ਦੇ ਵਿਆਹਾਂ ‘ਤੇ ਗੋਲ਼ੀਆਂ ਚਲਾ ਦਿੰਦੇ ਹਨ।
Add Comment