ਡੇਰਾਬੱਸੀ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਸਿੱਧੂ ਮੂਸੇਵਾਲ ਦੇ ਕਤਲ ਕਰਵਾਉਣ ਵਾਲੇ ਮੁੱਖ ਸਾਜਿਸ਼ਕਾਰ ਗੈਂਗਸਟਰ ਗੋਲਡੀ ਬਰਾੜ ਨਾਲ ਇਕ ਫੋਨ ਕਾਲ ਦੀ ਰਿਕਾਰਡਿੰਗ ਸੋਸ਼ਲ ਮੀਡਿਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਂਝ ਇਹ ਕਾਲ ਰਿਕਾਰਡਿੰਗ ਪੁਰਾਣੀ ਜਾਪ ਰਹੀ ਹੈ, ਜਿਸ ’ਚ ਗੋਲਡੀ ਬਰਾੜ ਨਾਲ ਡੀਐੱਸਪੀ ਬਰਾੜ ਦੀ ਕਾਫੀ ਬਹਿਸ ਹੋ ਰਹੀ ਹੈ। ਜਿਸ ’ਚ ਉਹ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਰੂਸ ਵਿੱਚ ਕਤਲ ਹੋਏ ਗੈਂਗਸਟਰ ਅਜੈ ਰਾਣਾ ਨੂੰ ਪੁਲਿਸ ਦਾ ਮੁਖ਼ਬਰ ਦੱਸ ਰਿਹਾ ਹੈ ਅਤੇ ਹੋਰ ਮੁਖ਼ਬਰਾਂ ਦਾ ਇਹ ਹੀ ਹਾਲ ਕਰਨ ਦਾ ਦਾਅਵਾ ਵੀ ਕਰ ਰਿਹਾ ਹੈ। ਦੂਜੇ ਪਾਸੇ ਡੀਐੱਸਪੀ ਬਿਕਰਮਜੀਤ ਬਰਾੜ ਵੀ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਵਰਤੀ ਜਾ ਰਹੀ ਸਖ਼ਤੀ ਜਾਰੀ ਰੱਖਣ ਦੀ ਚਿਤਾਵਨੀ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ’ਚ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਡੀਐੱਸਪੀ ਬਰਾੜ ਦਾ ਮੋਹਰੀ ਨਾਂਅ ਹੈ, ਜਿਨ੍ਹਾਂ ਵੱਲੋਂ ਹੁਣ ਤਕ ਕਈ ਖ਼ਤਰਨਾਕ ਗੈਂਗਸਰਟਾਂ ਦਾ ਐਨਕਾਊਂਟਰ ਕਰਨ ਤੋਂ ਇਲਾਵਾ ਕਈਆਂ ਨੂੰ ਫੜ ਕੇ ਜੇਲ੍ਹ ਦੀ ਸਲਾਖਾਂ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ।ਦਸ ਮਿੰਟ ਦੇ ਕਰੀਬ ਇਸ ਕਾਲ ਰਿਕਾਰਡਿੰਗ ’ਚ ਗੈਂਗਸਟਰ ਗੋਲਡੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਇਸ ਸਾਲ ਰੂਸ ਵਿੱਚ ਭੂੱਪੀ ਰਾਣਾ ਗਿਰੋਹ ਦੇ ਮੈਂਬਰ ਅਤੇ ਗੈਂਗਸਟਰ ਅਜੈ ਰਾਣਾ ਦਾ ਕਤਲ ਉਸ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਉਹ ਪੁਲਿਸ ਦੀ ਮੁਖ਼ਬਰੀ ਕਰ ਰਿਹਾ ਸੀ। ਉਹ ਡੀਐੱਸਪੀ ਬਰਾੜ ਨੂੰ ਕਹਿ ਰਿਹਾ ਹੈ ਕਿ ਉਨ੍ਹਾਂ ਦੀ ਮੁਖ਼ਬਰੀ ਕਰਨ ਵਾਲੇ ਹਰੇਕ ਵਿਅਕਤੀ ਦਾ ਹਾਲ ਉਹ ਇਸੇ ਤਰ੍ਹਾਂ ਕਰੇਗਾ। ਦੂਜੇ ਪਾਸੇ ਡੀਐੱਸਪੀ ਬਰਾੜ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਪੁਲਿਸ ਕਾਨੂੰਨ ਤੋੜਨ ਵਾਲੇ ਕਿਸੇ ਵੀ ਗੈਂਗਸਟਰ ਅਤੇ ਮਾੜੇ ਅਨਸਰ ਨਾਲ ਕੋਈ ਨਰਮੀ ਨਹੀਂ ਵਰਤੇਗੀ ਅਤੇ ਇਨ੍ਹਾਂ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੇਗੀ। ਡੀਐੱਸਪੀ ਬਰਾੜ ਨੇ ਕਾਲ ਰਿਕਾਰਡਿੰਗ ’ਚ ਦਾਅਵਾ ਕੀਤਾ ਕਿ ਪੁਲਿਸ ਨੂੰ ਅਜਿਹੇ ਮੁਖ਼ਬਰਾਂ ਦੀ ਲੋੜ ਨਹੀਂ ਸਗੋਂ ਪੁਲਿਸ ਆਪਣੇ ਦਮ ’ਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਸਕਸ਼ਮ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦਾ ਕਤਲ ਕਰਵਾਉਣ ’ਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਮੁੱਖ ਸਾਜਿਸ਼ਕਾਰ ਸੀ। ਗੋਲਡੀ ਬਰਾੜ ਪਹਿਲਾਂ ਕੈਨੇਡਾ ਵਿੱਚ ਸੀ ਜੋ ਹੁਣ ਅਮਰੀਕਾ ‘ਚ ਰਹਿ ਰਿਹਾ ਹੈ। ਗੋਲਡੀ ਬਰਾੜ ਵਿਦੇਸ਼ ’ਚ ਬੈਠ ਕੇ ਪੰਜਾਬ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ, ਜਿਸ ਨੂੰ ਫੜਨ ਲਈ ਪੰਜਾਬ ਪੁਲਿਸ ਲਈ ਇਕ ਵੱਡੀ ਸਿਰਦਰਦੀ ਬਣਿਆ ਹੋਇਆ ਹੈ।ਇਹ ਕਾਲ ਰਿਕਾਰਡਿੰਗ ਵਿੱਚ ਡੀਐੱਸਪੀ. ਬਰਾੜ ਦੀ ਆਵਾਜ਼ ਦੀ ਪੁਸ਼ਟੀ ਹੋ ਗਈ ਹੈ ਪਰ ਹਾਲੇ ਇਹ ਸਾਹਮਣੇ ਨਹੀਂ ਆਇਆ ਕਿ ਇਹ ਕਾਲ ਕਦੋਂ ਦੀ ਹੈ ਅਤੇ ਇਸ ਨੂੰ ਕਿਸ ਨੇ ਵਾਇਰਲ ਕੀਤਾ ਹੈ।