Home » ਕੈਪੀਲਾਨੋ ਯੂਨੀਵਰਸਿਟੀ ਵੈਨਕੂਵਰ (ਕੈਨੇਡਾ) ਵਿਚ ਪਹਿਲੀ ਵਾਰ ਵਾਤਾਵਰਣ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਗਿਆ ਦਸਤਾਰ ਦਿਹਾੜਾ…
Home Page News India India News World World News

ਕੈਪੀਲਾਨੋ ਯੂਨੀਵਰਸਿਟੀ ਵੈਨਕੂਵਰ (ਕੈਨੇਡਾ) ਵਿਚ ਪਹਿਲੀ ਵਾਰ ਵਾਤਾਵਰਣ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਗਿਆ ਦਸਤਾਰ ਦਿਹਾੜਾ…

Spread the news


** ਸਕੂਲ ਆਫ ਥਾਟਸ ਸੰਸਥਾ ਵੱਲੋਂ ਕੈਪੀਲਾਨੋ ਵਿਦਿਆਰਥੀ ਯੂਨੀਅਨ ਲਾਇਬ੍ਰੇਰੀ ਵਿੱਚ ਕੀਤਾ ਸਮਾਗਮ ਅਹਿਮ ਯਾਦਾਂ ਛੱਡਦਾ ਸਮਾਪਤ
*** ਬੁਲਾਰਿਆਂ ਨੇ ਇਸ ਸਮਾਗਮ ਨੂੰ ਨੌਜਵਾਨਾਂ ਲਈ ਮਾਰਗ ਦਰਸ਼ਕ ਦਸਦਿਆਂ ਸੰਸਥਾ ਨਾਲ ਜੁੜਣ ਲਈ ਪ੍ਰੇਰਿਤ ਕੀਤਾ
ਵੈਨਕੂਵਰ (ਕੈਨੇਡਾ) ਤੋਂ ਡੇਲੀ ਖਬਰ ਦੀ ਵਿਸ਼ੇਸ਼ ਰਿਪੋਰਟ
ਵੈਨਕੂਵਰ – ਕੈਨੇਡਾ ਦੇ ਨੋਰਥ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦੀ ਕੈਪੀਲਾਨੋ ਯੂਨੀਵਰਸਿਟੀ ਵਿੱਚ ਸਥਾਪਿਤ ਸਕੂਲ ਆਫ ਥਾਟਸ ਸੰਸਥਾ ਵਲੋਂ ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ ਇਕ ਅਹਿਮ ਇਤਿਹਾਸਿਕ ਪੜ੍ਹਾਅ ‘ਤੇ ਕਦਮ ਰੱਖਦਿਆਂ ਪਹਿਲੀ ਵਾਰ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਲਾਇਬ੍ਰੇਰੀ ਵਿੱਚ ਵਿਸ਼ਵ ਸਿੱਖ ਵਾਤਾਵਰਣ ਦਿਵਸ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦਸਤਾਰ ਦਿਹਾੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਕਰਕੇ ਕਰਵਾਇਆ ਗਿਆ।
ਸਕੂਲ ਆਫ ਥਾਟਸ ਸੰਸਥਾ ਦੇ ਮੁਖੀ ਗੁਰਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮੰਤਵ ਮਨੁੱਖਤਾ ਅਤੇ ਕੁਦਰਤ ਵਿਚਾਲੇ ਆਪਸੀ ਗਹਿਰੇ ਸੰਬੰਧਾਂ ਨੂੰ ਉਜਾਗਰ ਕਰਨਾ ਹੈ ।


ਸਮਾਗਮ ਵਿੱਚ ਵਾਤਾਵਰਣ ਅਤੇ ਵਿਰਾਸਤ ਨਾਲ ਜੋੜਦੀ ਪੰਜਾਬ ਦੇ ਦਰਖਤਾਂ ਦੀ ਫੋਟੋ ਪ੍ਰਦਰਸ਼ਨੀ, ਜ਼ਿੰਦਗੀ ਦੇ ਮਕਸਦ ਵਿਚ ਕੁਦਰਤ ਦੀ ਭੂਮਿਕਾ ਨੂੰ ਉਜਾਗਰ ਕਰਦੀ ਗੁਰਬਾਣੀ ‘ਤੇ ਅਧਾਰਿਤ ਚਰਚਾ, ਦਸਤਾਰ ਦੀ ਸਿੱਖ ਸਮਾਜ ਵਿਚ ਮਹੱਤਤਾ ਨੂੰ ਦਰਸਾਉਂਦਾ ਦਸਤਾਰਾਂ ਸਜਾਉਣ ਦਾ ਕੈਂਪ, ਰਵਾਇਤੀ ਸਿੱਖ ਸਾਜਾਂ ਨਾਲ ਗੁਰਬਾਣੀ ਦਾ ਮਨੋਹਰ ਕੀਰਤਨ ਸਮਾਗਮ ਦਾ ਵਿਸ਼ੇਸ਼ ਹਿੱਸਾ ਸਨ ।
ਇਸ ਦੌਰਾਨ ਵਿਦਿਅਕ ਤੇ ਸਮਾਜਿਕ ਪੱਧਰ ‘ਤੇ ਸਿੱਖ ਪਹਿਚਾਣ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਕਿਵੇਂ ਅੱਗੇ ਵਧਾਉਣਾ ਹੈ ‘ਤੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ।
ਜਿਸ ਵਿੱਚ ਬੋਲਦਿਆਂ ਕੈਪੀਲਾਨੋ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਜੋਸਲਿਨ ਰੋਪਰ ਹੈਲਮੈਨ ਨੇ ਕਿਹਾ ਕਿ ਮੈਂ ਕਦੇ ਵੀ ਲਾਇਬ੍ਰੇਰੀ ਵਿੱਚ ਇਸ ਤਰ੍ਹਾਂ ਦੀ ਸਾਰਥਕ ਮਿਲਣੀ ਅਤੇ ਖੋਜ ਭਰਪੂਰ ਵਿਸ਼ੇ ‘ਤੇ ਚਰਚਾ ਨਹੀਂ ਵੇਖੀ ਜੋ ਕਿ ਨੌਜਵਾਨਾਂ ਲਈ ਮਾਰਗਦਰਸ਼ਕ ਸਾਬਿਤ ਹੋਵੇਗੀ । ਡਿਜੀਟਲ ਅੰਬੈਸਡਰ ਵਿਦਿਆਰਥੀ ਪਰਨੀਤ ਕੌਰ ਨੇ ਕਿਹਾ ਕਿ ਇਹ ਸਮਾਗਮ ਸਮਾਜਿਕ ਆਦਰਸ਼ਾਂ ਨੂੰ ਕੇਵਲ ਸਿਖਾਉਣ ਲਈ ਨਹੀਂ ਬਲਕਿ ਆਏ ਹੋਏ ਮਹਿਮਾਨਾਂ ਤੋਂ ਕੁਝ ਨਾ ਕੁਝ ਸਿੱਖਣ ਲਈ ਵੀ ਹੈ ਜਿਸ ਵਜੋਂ ਇਹ ਸਮਾਗਮ ਨਵੀਆਂ ਪੈੜਾਂ ਸਿਰਜੇਗਾ। ਈਕੋ ਸਿੱਖ ਤੋਂ ਪੁੱਜੇ ਰਵਨੀਤ ਸਿੰਘ ਨੇ ਸਮਾਗਮ ਦੇ ਇਤਿਹਾਸਿਕ ਪੱਖ ਨੂੰ ਛੁਹੰਦਿਆਂ ਕਿਹਾ ਕਿ ਅੱਜ ਦਾ ਵਾਤਾਵਰਣ ਦਿਹਾੜਾ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਵੀ ਸਮਰਪਿਤ ਹੈ ਕਿਓਂਕਿ ਉਹ ਵਾਤਾਵਰਣ ਵਿਚ ਪਾਏ ਅਹਿਮ ਯੋਗਦਾਨ ਲਈ ਵੀ ਜਾਣੇ ਜਾਂਦੇ ਹਨ।ਸਮਾਗਮ ਨੂੰ ਚੀਨੀ ਮੂਲ ਦੇ ਸਿਖ ਮਹਿਮਾਨ ਪੈਟ ਸਿੰਘ ਚੇਅੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਸਨੇ ਲੋਅਰ ਮੇਨਲੈਂਡ ਵਿੱਚ ਕਈ ਸਮਾਗਮ ਦੇਖੇ ਹਨ ਪਰ ਇਥੇ ਉਸਨੇ ਸਿੱਖ ਵਿਰਾਸਤ ਅਤੇ ਵਾਤਾਵਰਣ ਦਾ ਜੋ ਸੁਮੇਲ ਦੇਖਿਆ ਉਸਨੂੰ ਵੇਖ ਕੇ ਮੈਨੂੰ ਇਹ ਲਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਦੀ ਇਸ ਪਹਿਲਕਦਮੀ ਨਾਲ ਜੁੜ ਕੇ ਸੰਸਥਾ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਅਖੀਰ ਵਿੱਚ ਸੰਸਥਾਂ ਮੁਖੀ ਗੁਰਨੀਤ ਸਿੰਘ ਨੇ ਆਏ ਹੋਏ 250 ਤੋਂ ਵੱਧ ਮਹਿਮਾਨਾਂ ਅਤੇ 35 ਤੋਂ ਵੱਧ ਸਮਾਗਮ ਸੰਚਲਾਕਾਂ ਦਾ ਇਸ ਭਾਈਚਾਰਕ ਸਾਂਝ ਨੂੰ ਦਰਸਾਂਦੇ ਸਮਾਗਮ ਦੀ ਸਫਲਤਾ ਲਈ ਵਧਾਈ ਦਿੰਦਿਆਂ ਸਕੂਲ ਆਫ ਥਾਟਸ ਸੰਸਥਾ ਵਲੋਂ ਵਿਦਿਆਰਥੀਆਂ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਵਾਲੇ ਲੋਕਾਂ ਨੂੰ ਸਾਂਝੇ, ਟਿਕਾਉ, ਅੰਤਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਕੋਸ਼ਿਸ਼ਾਂ ਵਿਚ ਸ਼ਾਮਿਲ ਹੋਣ ਦਾ ਸਦਾ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ