Home » ਕੈਨੇਡਾ ਫੈਡਰਲ ਚੋਣਾਂ: ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉੱਪਰ…
Home Page News India World World News

ਕੈਨੇਡਾ ਫੈਡਰਲ ਚੋਣਾਂ: ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉੱਪਰ…

Spread the news

ਕੈਨੇਡਾ ਵਿਚ ਫੈਡਰਲ ਚੋਣ ਮੁਹਿੰਮ ਤੀਜੇ ਹਫਤੇ ਵਿਚ ਦਾਖ਼ਲ ਹੋ ਗਈ ਹੈ ਅਤੇ ਇਸੇ ਦੌਰਾਨ ਕਰਵਾਏ ਗਏ ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉੱਪਰ ਦਿਖਾਈ ਦੇ ਰਿਹਾ ਹੈ। ‘ਗਲੋਬਲ ਨਿਊਜ਼’ ਵੱਲੋਂ ਤਾਜ਼ਾ ਸਰਵੇਖਣ ਬੀਤੇ ਕੱਲ੍ਹ (ਐਤਵਾਰ ਨੂੰ) ਜਾਰੀ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਨਾਲੋਂ ਲਿਬਰਲ ਪਾਰਟੀ ਦੀ ਹਮਾਇਤ ਵਿੱਚ 2 ਅੰਕਾਂ ਦਾ ਵਾਧਾ ਹੋਇਆ ਹੈ ਅਤੇ ‘ਇਪਸੋਸ ਪੋਲ’ ਮੁਤਾਬਿਕ ਇਸ ਸਰਵੇਖਣ ਵਿਚ 46 ਪ੍ਰਤੀਸ਼ਤ ਕੈਨੇਡੀਅਨ ਦਾ ਕਹਿਣਾ ਹੈ ਕਿ ਉਹ ਲਿਬਰਲ ਪਾਰਟੀ ਨੂੰ ਆਪਣੀ ਵੋਟ ਪਾਉਣਗੇ। ਦੂਜੇ ਪਾਸੇ ਕੰਸਰਵੇਟਿਵ ਦੇ ਵੋਟਰਾਂ ਦੀ ਹਮਾਇਤ 4 ਅੰਕ ਡਿੱਗ ਕੇ 34 ਪ੍ਰਤੀਸ਼ਤ ‘ਤੇ ਆ ਗਈ ਹੈ। ਸਰਵੇਖਣ ਅਨੁਸਾਰ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਲਿਬਰਲ ਪਾਰਟੀ ਬਹੁਮਤ ਹਾਸਲ ਕਰ ਕੇ ਮਜ਼ਬੂਤ ਸਰਕਾਰ ਬਣਾ ਸਕਦੀ ਹੈ।

ਇਸ ਸਰਵੇਖਣ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ 10 ਪ੍ਰਤੀਸ਼ਤ, ਗ੍ਰੀਨ ਪਾਰਟੀ ਨੂੰ 3 ਪ੍ਰਤੀਸ਼ਤ ਅਤੇ ਬਲਾਕ ਕਿਊਬੇਕ 6 ਪ੍ਰਤੀਸ਼ਤ ਵੋਟ ਮਿਲਣ ਦੀ ਗੱਲ ਕਹੀ ਗਈ ਹੈ। ਇਨ੍ਹਾਂ ਤਿੰਨਾਂ ਪਾਰਟੀਆਂ ਦੇ ਸਮਰੱਥਨ ਵਿਚ ਪਿਛਲੇ ਹਫ਼ਤੇ ਨਾਲੋਂ ਇੱਕ ਅੰਕ ਦਾ ਵਾਧਾ ਹੋਇਆ ਹੈ। ਪੋਲ ਅਨੁਸਾਰ 7 ਪ੍ਰਤੀਸ਼ਤ ਵੋਟਰ ਇਸ ਬਾਰੇ ਫੈਸਲਾ ਨਹੀਂ ਕਰ ਸਕੇ ਹਨ ਕਿ ਉਹ ਕਿਸ ਪਾਰਟੀ ਨੂੰ ਵੋਟ ਪਾਉਣਗੇ।

ਇਸ ਪੋਲ ਵਿੱਚ 45 ਪ੍ਰਤੀਸ਼ਤ ਵੋਟਰਾਂ ਨੇ ਮਾਰਕ ਕਾਰਨੇ ਨੂੰ ਪ੍ਰਧਾਨ ਮੰਤਰੀ ਲਈ ਸਭ ਤੋਂ ਵਧੀਆ ਲੀਡਰ ਦੱਸਿਆ ਹੈ ਅਤੇ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੂੰ 32 ਪ੍ਰਤੀਸ਼ਤ ਵੋਟਰਾਂ ਦਾ ਸਮਰੱਥਨ ਹਾਸਲ ਹੋਇਆ ਹੈ। ਐਨਡੀਪੀ ਨੇਤਾ ਜਗਮੀਤ ਸਿੰਘ ਨੂੰ 12 ਪ੍ਰਤੀਸ਼ਤ, ਬਲਾਕ ਕਿਊਬੇਕੋਇਸ ਨੇਤਾ ਯਵੇਸ-ਫ੍ਰੈਂਕੋਇਸ ਬਲੈਂਚੇਟ ਨੂੰ 5 ਪ੍ਰਤੀਸ਼ਤ ਅਤੇ ਗ੍ਰੀਨ ਪਾਰਟੀ ਦੇ ਨੇਤਾ ਜੋਨਾਥਨ ਪੇਡਨੇਲਟ ਨੂੰ 3 ਪ੍ਰਤੀਸ਼ਤ ਕੈਨੇਡੀਅਨ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ।

ਐਂਗੁਸ ਰੀਡ ਇੰਸਟੀਚਿਊਟ ਦੇ ਤਾਜ਼ਾ ਸਰਵੇਖਣ ਅਨੁਸਾਰ 46 ਪ੍ਰਤੀਸ਼ਤ ਯੋਗ ਕੈਨੇਡੀਅਨ ਵੋਟਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਲਿਬਰਲ ਉਮੀਦਵਾਰ ਦਾ ਸਮਰਥਨ ਕਰਨਗੇ, ਜਦੋਂ ਕਿ 36 ਪ੍ਰਤੀਸ਼ਤ ਨੇ ਕੰਸਰਵੇਟਿਵ ਨੂੰ ਵੋਟ ਪਾਉਣ ਦੀ ਗੱਲ ਕਹੀ ਹੈ। ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਬਲਾਕ ਕਿਊਬੇਕੋਇਸ ਦੋਵਾਂ ਨੂੰ ਇਸ ਸਮੇਂ 7 ਪ੍ਰਤੀਸ਼ਤ ਵੋਟਰਾਂ ਦਾ ਸਮਰਥਨ ਪ੍ਰਾਪਤ ਹੈ। ਲਿਬਰਲ ਨੇਤਾ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਿੱਜੀ ਪਸੰਦੀਦਾ ਰੇਟਿੰਗ ਲਿਬਰਲਾਂ ਲਈ ਇੱਕ ਵਰਦਾਨ ਬਣੀ ਹੋਈ ਹੈ। ਅੱਧੇ ਤੋਂ ਵੱਧ ਕੈਨੇਡੀਅਨ (55%) ਉਸ ਨੂੰ ਬਤੌਰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ, ਜਦੋਂ ਕਿ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੂੰ 34 ਪ੍ਰਤੀਸ਼ਤ ਵੋਟਰ ਪ੍ਰਧਾਨ ਮੰਤਰੀ ਵਜੋਂ ਦੇਖ ਰਹੇ ਹਨ।