AMRIT VELE DA KAMNAMA SRI DARBAR SAHIB, SRI AMRITSAR, ANG 785, 21-05-2025
ਸਲੋਕੁ ਮਃ ੩ ॥ ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥ ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥ ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥ ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥ ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ ॥ ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥ ਮਃ ੩ ॥ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹ੍ਹਾਲਿ ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥ ਪਉੜੀ ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥
ਪਦਅਰਥ:- ਸੂਹਾ—ਚੁਹਚੁਹਾ ਰੰਗ ਜਿਵੇਂ ਕਸੁੰਭੇ ਦਾ ਹੁੰਦਾ ਹੈ। ਵੇਸਿ—ਵੇਸ ਵਿਚ। ਸੂਹੈ ਵੇਸਿ—ਸੂਹੇ ਵੇਸ ਵਿਚ। ਰਾਵਣ ਜਾਇ—ਭੋਗਣ ਜਾਂਦੀ ਹੈ। ਮੋਹੀ—ਠੱਗੀ ਗਈ, ਲੁੱਟੀ ਗਈ। ਮਿਠਾ ਕਰਿ ਕੈ—ਸੁਆਦਲਾ ਜਾਣ ਕੇ। ਸੁਧੁ—ਖ਼ਾਲਸ, ਨਿਰੋਲ ਆਪਣਾ। ਪਲਟਿਆ—ਪਰਤਿਆ। ਸਾਜਿ ਸੀਗਾਰਿ—ਸਜਾ ਬਣਾ ਕੇ। ਸਹਜਿ—ਸਹਜ ਅਵਸਥਾ ਵਿਚ। ਉਰ—ਹਿਰਦਾ। ਸੋੁਹਾਗਣਿ—ਅੱਖਰ ‘ਸ’ ਦੀਆਂ ਲਗਾਂ (ੋ) ਤੇ (ੁ) ਵਿਚੋਂ ਏਥੋਂ (ੁ) ਪੜ੍ਹਨਾ ਹੈ। ਕਰਤਾਰਿ—ਕਰਤਾਰ ਨੇ। ਦੋਹਾਗਣਿ—ਮੰਦੇ ਭਾਗਾਂ ਵਾਲੀ, ਰੰਡੀ।
ਸੂਹਵੀਏ—ਹੇ ਸੂਹੇ ਵੇਸ ਵਾਲੀਏ! ਹੇ ਚੁਹਚਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਨਿਮਾਣੀਏ—ਹੇ ਵਿਚਾਰੀਏ!
ਰਚਾਇਓਨੁ—ਰਚਾਇਆ ਉਸ ਨੇ। ਸਾਜੀਅਨੁ—ਸਾਜੀ ਉਸ ਨੇ। ਧਰਮਸਾਲਾ—ਧਰਮ ਕਮਾਣ ਦੀ ਥਾਂ। ਉਪਾਇ—ਪੈਦਾ ਕਰ ਕੇ। ਸੰਬਾਹਿਦਾ—ਅਪੜਾਂਦਾ।
ਅਰਥ:- ਜੋ ਜੀਵ-ਇਸਤ੍ਰੀ ਦੁਨੀਆ ਦੇ ਸੋਹਣੇ ਪਦਾਰਥ-ਰੂਪ ਕਸੁੰਭੇ ਦੇ ਚੁਹਚੁਹੇ ਰੰਗ ਵਾਲੇ ਵੇਸ ਵਿਚ (ਮਸਤ) ਹੈ ਉਹ ਮੰਦੇ ਭਾਗਾਂ ਵਾਲੀ ਹੈ, ਉਹ (ਮਾਨੋ) ਪਰਾਏ ਖਸਮ ਨੂੰ ਭੋਗਣ ਤੁਰ ਪੈਂਦੀ ਹੈ, ਮਾਇਆ ਦੇ ਪਿਆਰ ਵਿਚ ਉਹ ਲੁੱਟੀ ਜਾ ਰਹੀ ਹੈ (ਕਿਉਂਕਿ) ਉਹ ਆਪਣੇ ਹਿਰਦੇ-ਘਰ ਵਿਚ ਵੱਸਦੇ ਖਸਮ-ਪ੍ਰਭੂ ਨੂੰ ਵਿਸਾਰ ਦੇਂਦੀ ਹੈ। (ਜਿਸ ਜੀਵ-ਇਸਤ੍ਰੀ ਨੇ ਦੁਨੀਆ ਦੇ ਪਦਾਰਥਾਂ ਨੂੰ) ਸੁਆਦਲੇ ਜਾਣ ਕੇ ਭੋਗਿਆ ਹੈ (ਉਸ ਦੇ ਮਨ ਵਿਚ) ਇਹਨਾਂ ਬਹੁਤੇ ਚਸਕਿਆਂ ਤੋਂ ਰੋਗ ਵਧਦਾ ਹੈ, (ਭਾਵ), ਉਹ ਨਿਰੋਲ ਆਪਣੇ ਖਸਮ-ਪ੍ਰਭੂ ਨੂੰ ਛੱਡ ਬਹਿੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ। ਜੋ ਜੀਵ-ਇਸਤ੍ਰੀ ਗੁਰੂ ਦੇ ਹੁਕਮ ਵਿਚ ਤੁਰਦੀ ਹੈ ਉਸ ਦਾ ਮਨ (ਦੁਨੀਆ ਦੇ ਭੋਗਾਂ ਵਲੋਂ) ਪਰਤਦਾ ਹੈ, ਉਹ (ਪ੍ਰਭੂ-ਪਿਆਰ ਰੂਪ ਗਹਣੇ ਨਾਲ ਆਪਣੇ ਆਪ ਨੂੰ) ਸਜਾ ਬਣਾ ਕੇ ਪਰਮਾਤਮਾ (ਦੇ ਪਿਆਰ) ਵਿਚ ਰੱਤੀ ਰਹਿੰਦੀ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਧਾਰ ਕੇ ਸਹਜ ਅਵਸਥਾ ਵਿਚ (ਟਿਕ ਕੇ) ਸਦਾ-ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ। ਪ੍ਰਭੂ ਦੇ ਹੁਕਮ ਵਿਚ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ, ਕਰਤਾਰ (ਖਸਮ) ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ। ਹੇ ਨਾਨਕ! ਜਿਸ ਨੇ ਸਦਾ-ਥਿਰ ਪ੍ਰਭੂ ਖਸਮ ਪ੍ਰਾਪਤ ਕਰ ਲਿਆ ਹੈ ਉਹ (ਜੀਵ-) ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ।1।
ਹੇ ਚੁਹਚੁਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ ਵਿਚਾਰੀਏ! ਖਸਮ-ਪ੍ਰਭੂ ਨੂੰ ਸਦਾ ਚੇਤੇ ਰੱਖ। ਹੇ ਨਾਨਕ! (ਆਖ ਕਿ ਇਸ ਤਰ੍ਹਾਂ) ਤੂੰ ਆਪਣਾ ਜੀਵਨ ਸਵਾਰ ਲਏਂਗੀ, ਤੇਰੀ ਕੁਲ ਭੀ ਤੇਰੇ ਨਾਲ ਮੁਕਤ ਹੋ ਜਾਇਗੀ।2।
ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ ਹੀ ਬਣਾਇਆ ਹੈ, ਉਸ ਨੇ ਆਪਣੇ ਹੁਕਮ ਵਿਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ। ਹੇ ਦੀਨਾਂ ਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ! ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ। (ਹੇ ਪ੍ਰਭੂ!) ਤੇਰਾ ਹੁਕਮ ਅਨੋਖਾ ਹੈ (ਭਾਵ, ਕੋਈ ਇਸ ਨੂੰ ਮੋੜ ਨਹੀਂ ਸਕਦਾ) ਤੂੰ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈਂ, ਹਰ ਥਾਂ ਤੂੰ ਖ਼ੁਦ ਆਪ ਮੌਜੂਦ ਹੈਂ ਤੇ ਤੂੰ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈਂ।1।
Add Comment