Home » ਜੋਤੀ ਦੇ ਪਹਿਲਗਾਮ ਜਾਣ ਤੋਂ ਬਾਅਦ ਹੋਇਆ ਸੀ ਅੱਤਵਾਦੀ ਹਮਲਾ, ਐੱਨਆਈਏ ਨੇ ਸ਼ੁਰੂ ਕੀਤੀ ਜਾਂਚ….
Home Page News India India News

ਜੋਤੀ ਦੇ ਪਹਿਲਗਾਮ ਜਾਣ ਤੋਂ ਬਾਅਦ ਹੋਇਆ ਸੀ ਅੱਤਵਾਦੀ ਹਮਲਾ, ਐੱਨਆਈਏ ਨੇ ਸ਼ੁਰੂ ਕੀਤੀ ਜਾਂਚ….

Spread the news

ਪਾਕਿਸਤਾਨ ਲਈ ਜਾਸੂਸੀ ਦੇ ਮਾਮਲੇ ’ਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਦੀ ਜਾਸੂਸੀ ਸਰਗਰਮੀਆਂ ਦੇ ਖ਼ੁਲਾਸੇ ਹੁਣ ਇਕ-ਇਕ ਕਰ ਕੇ ਹੋ ਰਹੇ ਹਨ। ਉਸ ਤੋਂ ਐੱਨਆਈਏ ਤੇ ਆਈਬੀ ਦੀਆਂ ਟੀਮਾਂ ਪੁੱਛਗਿੱਛ ਕਰ ਰਹੀਆਂ ਹਨ। ਜਾਂਚ ਏਜੰਸੀਆਂ ਨੂੰ ਪੁੱਛਗਿੱਛ ਦੌਰਾਨ ਕਈ ਪੁਖਤਾ ਸਬੂਤ ਮਿਲੇ ਹਨ। ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਮਾਰਚ ਵਿਚ ਆਖ਼ਰੀ ਵਾਰ ਜੋਤੀ ਮਲਹੋਤਰਾ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਦਾਨਿਸ਼ ਨੂੰ ਮਿਲੀ ਸੀ। ਉਸ ਤੋਂ ਬਾਅਦ ਚੈਟ ਹੁੰਦੀਆਂ ਰਹਿੰਦੀਆਂ ਸਨ। ਜੋਤੀ ਦੇ ਪਹਿਲਗਾਮ ਜਾਣ ਤੋਂ ਬਾਅਦ ਹੋਏ ਹਮਲੇ ਦੀ ਜਾਂਚ ਜਾਰੀ ਹੈ, ਐੱਨਆਈਏ ਉਸ ਨੂੰ ਪਹਿਲਗਾਮ ਲਿਜਾ ਸਕਦੀ ਹੈ। ਜਾਸੂਸੀ ਰੈਕੇਟ ਦੀਆਂ ਕਈ ਕੜੀਆਂ ਆਪਸ ਵਿਚ ਜੁੜੀਆਂ ਹਨ ਤੇ ਰੈਕੇਟ ਦੇ ਨਵੇਂ ਮਾਡਿਊਲ ਦਾ ਪਤਾ ਲੱਗਾ ਹੈ।ਹਾਲੀਆ ਜਾਂਚ ਮੁਤਾਬਕ, ਜੋਤੀ ਨੇ ਬੰਗਲਾਦੇਸ਼ ਦੇ ਵੀਜ਼ੇ ਲਈ ਅਰਜ਼ੀ ਦਿੱਤੀ ਸੀ। ਇਸ ਵਿਚ ਉਸ ਨੇ ਆਪਣੇ ਆਰਜ਼ੀ ਪਤੇ ਵਜੋਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦਾ ਉੱਤਰਾ ਏਰੀਆ ਦਰਜ ਕੀਤਾ ਸੀ। ਵੀਜ਼ਾ ਅਰਜ਼ੀ ਪੱਤਰ ’ਤੇ ਤਰੀਕ ਨਹੀਂ ਹੈ। ਜਾਂਚ ਟੀਮ ਦਾ ਮੰਨਣਾ ਹੈ ਕਿ ਜੋਤੀ ਦੀ ਯਾਤਰਾ ਵੀਡੀਓ ਸ਼ੂਟ ਦੇ ਬਹਾਨੇ ਬੰਗਲਾਦੇਸ਼ੀ ਆਪ੍ਰੇਟਿਵ ਨਾਲ ਜੁੜਨ ਲਈ ਸੀ। ਏਜੰਸੀ ਮੁਤਾਬਕ, ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਜਾਸੂਸੀ ਲਈ ਬੰਗਲਾਦੇਸ਼ ਮਾਡਿਊਲ ਸਥਾਪਤ ਕਰ ਰਹੀ ਹੈ। ਇਸ ’ਚ ਭਾਰਤ ਵਿਚ ਸਰਗਰਮ ਉਨ੍ਹਾਂ ਦੇ ਜਾਸੂਸਾਂ ਨੂੰ ਇਸ ਦੇ ਆਪ੍ਰੇਟਰ ਨਾਲ ਜੋੜਿਆ ਜਾ ਰਿਹਾ ਹੈ। ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਜੋਤੀ ਨੂੰ ਅਦਾਲਤ ’ਚ ਪੇਸ਼ ਕਰੇਗੀ। ਇਸ ਤੋਂ ਬਾਅਦ ਪੁਲਿਸ ਜਾਂ ਜਾਂਚ ਏਜੰਸੀ ਉਸ ਨੂੰ ਰਿਮਾਂਡ ’ਤੇ ਲੈ ਸਕਦੀ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲੇ ਤੱਕ ਮੋਬਾਈਲ ਤੇ ਲੈਪਟਾਪ ਦੇ ਡਾਟਾ ਦੀ ਰਿਪੋਰਟ ਨਹੀਂ ਆਈ।
ਆਪ੍ਰੇਸ਼ਨ ਸਿੰਦੂਰ ਦੌਰਾਨ ਵੀ ਪਾਕਿਸਤਾਨੀ ਇੰਟੈਲੀਜੈਂਸ ਦੇ ਸੰਪਰਕ ’ਚ ਰਿਹਾ ਸੀ ਦੇਵੇਂਦਰ

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਦੇਵੇਂਦਰ ਸਿੰਘ ਢਿੱਲੋਂ ਤੋਂ ਐੱਸਆਈਟੀ ਪੁੱਛਗਿੱਛ ਕਰ ਰਹੀ ਹੈ। ਦੇਵੇਂਦਰ ਨੂੰ ਚਾਰ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਉਸ ਦੇ ਦੋ ਫੋਨਾਂ ਤੋਂ ਹਜ਼ਾਰਾਂ ਪੇਜਾਂ ਦਾ ਡਾਟਾ ਰਿਕਵਰ ਕੀਤਾ ਗਿਆ ਹੈ। ਡਾਟਾ ਦੀ ਜਾਂਚ ਕਰਨ ਲਈ ਚਾਰ ਤੋਂ ਪੰਜ ਮੁਲਾਜ਼ਮਾਂ ਨੂੰ ਲਗਾਇਆ ਗਿਆ ਹੈ। ਟੀਮ ਇਹ ਜਾਂਚ ਕਰ ਰਹੀ ਹੈ ਕਿ ਕਿਸ ਦਿਨ ਕਿਸ ਨਾਲ ਗੱਲਬਾਤ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੇਵੇਂਦਰ ਆਪ੍ਰੇਸ਼ਨ ਸਿੰਦੂਰ ਦੇ ਸਮੇਂ ਵੀ ਪਾਕਿਸਤਾਨੀ ਇੰਟੈਲੀਜੈਂਸ ਦੇ ਸੰਪਰਕ ਵਿਚ ਸੀ। ਦੋ ਤੋਂ ਤਿੰਨ ਵਾਰ ਉਸ ਦੀ ਗੱਲਬਾਤ ਵੀ ਹੋਈ। ਹਾਲਾਂਕਿ ਵ੍ਹਟਸਐਪ ਦਾ ਡਾਟਾ ਰਿਕਵਰ ਨਾ ਹੋਣ ਕਾਰਨ ਟੀਮ ਨੂੰ ਜਾਂਚ ਕਰਨ ਵਿਚ ਮੁਸ਼ਕਲ ਆ ਰਹੀ ਹੈ। ਜਿਹੜੇ ਵੀਡੀਓ ਤੇ ਫੋਟੋ ਭੇਜੇ ਗਏ ਸਨ, ਉਹ ਸਾਹਮਣੇ ਨਹੀਂ ਆ ਰਹੇ। ਦੋ ਫੋਨਾਂ ਦਾ ਡਾਟਾ ਜਿਸ ਸਮੇਂ ਡਿਲੀਟ ਕੀਤਾ ਗਿਆ ਸੀ, ਉਸ ਸਮੇਂ ਤੱਕ ਵੀ ਦੇਵੇਂਦਰ ਨੇ ਪਾਕਿਸਤਾਨੀ ਕੁੜੀ ਨਾਲ ਗੱਲਬਾਤ ਕੀਤੀ ਸੀ। ਦੱਸਣਾ ਜ਼ਰੂਰੀ ਹੈ ਕਿ ਦੇਵੇਂਦਰ ਤੋਂ ਐੱਨਆਈਏ ਤੇ ਮਿਲਟਰੀ ਇੰਟੈਲੀਜੈਂਸ ਦੀ ਟੀਮ ਵੀ ਪੁੱਛਗਿੱਛ ਕਰ ਚੁੱਕੀ ਹੈ। ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੇਵੇਂਦਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਪਾਣੀਪਤ ਪੁਲਿਸ ਨੇ ਨੋਮਾਨ ਇਲਾਹੀ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਦਾ ਚਾਰ ਦਿਨਾਂ ਦਾ ਹੋਰ ਰਿਮਾਂਡ ਮਿਲਿਆ।