ਨਵਾਂਸ਼ਹਿਰ ਤੋਂ ਇਕ ਕਾਰ ਵਿਚ ਸਵਾਰ ਹੋ ਕੇ ਸ਼ਿਮਲਾ ਸਤਸੰਗ ‘ਚ ਸ਼ਾਮਲ ਹੋਣ ਜਾ ਰਹੇ ਸਤਸੰਗੀ ਦੀ ਕਾਰ ਮੀਂਹ ਕਾਰਨ ਨੇਰਵਾ (ਸ਼ਿਮਲਾ) ਨੇੜੇ ਸੜਕ ਦੇ ਨਾਲ ਵਗਦੀ ਡੁੰਘੀ ਸਾਲਵੀ ਨਦੀ ਵਿਚ ਡਿੱਗ ਗਈ। ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਹਾਦਸੇ ਵਿਚ ਕਾਰ ਪੀਬੀ 32 ਜੀ 8767 ਦੇ ਚਾਲਕ ਕੇਸ਼ਵ ਕੁਮਾਰ ਵਾਸੀ ਬੰਗਾ ਜ਼ਖਮੀ ਹੋ ਗਿਆ ਹੈ।ਇਸੇ ਹਾਦਸੇ ਵਿਚ ਕਾਰ ਸਵਾਰ ਮਹਿਲਾ ਬਲਵਿੰਦਰ ਕੌਰ ਵੀ ਜ਼ਖ਼ਮੀ ਹੋ ਗਈ ਹੈ। ਜਦਕਿ ਬਲਵਿੰਦਰ ਕੌਰ ਦਾ 10 ਸਾਲਾ ਬੱਚਾ ਵਨੀਤ ਦੜੋਚ ਨਦੀ ਦੇ ਪਾਣੀ ਵਿਚ ਲਾਪਤਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਮ੍ਰਿਤਕ ਦੀ ਪਛਾਣ ਗੁਰਮੇਲ ਭੱਟੀ (65) ਪੁੱਤਰ ਗੁਰਬਚਨਾ ਰਾਮ ਵਾਸੀ ਮੰਢਾਲੀ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਵਿਅਕਤੀ ਸ਼ਿਮਲਾ ਦਾ ਦੱਸਿਆ ਜਾ ਰਿਹਾ ਹੈ।ਮ੍ਰਿਤਕ ਗੁਰਮੇਲ ਭੱਟੀ ਮਿਲਟਰੀ ਇੰਜੀਨੀਅਰ ਸਰਵਿਸ ਵਿਚ ਟੈਕਨੀਸ਼ੀਅਨ ਦੀ ਨੌਕਰੀ ਕਰਦੇ ਸੀ ਜੋ ਕਿ 6 ਸਾਲ ਪਹਿਲਾ ਰਿਟਾਇਰ ਹੋਏ ਸੀ। ਜਦਕਿ ਇਸ ਹਾਦਸੇ ਵਿਚ ਸਵ. ਗੁਰਮੇਲ ਭੱਟੀ ਦੀ ਪੁੱਤਰੀ ਬਲਵਿੰਦਰ ਕੌਰ ਪਤਨੀ ਹਰਬੰਸ ਲਾਲ ਯੂਏਈ ਵਾਸੀ ਬਾਹੜ ਮਜਾਰਾ ਜ਼ਖਮੀ ਹੋ ਗਈ ਹੈ।
ਉਸਦਾ 10 ਸਾਲਾ ਪੁੱਤਰ ਬਨੀਤ ਦੜੋਚ ਲਾਪਤਾ ਦੱਸਿਆ ਜਾ ਰਿਹਾ ਹੈ। ਯਾਦ ਰਹੇ ਕਿ ਗੁਰਮੇਲ ਭੱਟੀ ਬਹੁਜਨ ਸਮਾਜ ਪਾਰਟੀ ਲਈ ਵੀ ਲੰਘੇ ਸਮੇਂ ਤੋਂ ਕੰਮ ਕਰ ਰਹੇ ਸਨ। ਬਨੀਤ ਦੜੋਚ ਸਰਕਾਰੀ ਮਿਡਲ ਸਕੂਲ ਬਾਹੜ ਮਜਾਰਾ ਵਿਖੇ ਪੜ੍ਹਦਾ ਹੈ। ਉਧਰ ਹਾਦਸੇ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪੁੱਜੇ ਐੱਸਡੀਐਮ ਅਤੇ ਡੀਐੱਸਪੀ ਵੱਲੋਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਕੇ ਲਾਪਤਾ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।













