2018 ’ਚ ਵਿਧਾਨ ਸਭਾ ਹਲਕਾ ਚੱਬੇਵਾਲ ’ਚ ਚੱਲਦੇ ਵਿਕਾਸ ਕੰਮਾਂ ’ਚ ਵਿਘਨ ਪਾ ਕੇ ਵੇਲੇ ਦੇ ਸਰਪੰਚ ਸਮੇਤ ਹੋਰਾਂ ਵਿਅਕਤੀਆਂ ਦੀ ਕੁੱਟਮਾਰ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਅਦਾਲਤ ਨੇ ਇਕ ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ’ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਸੰਧੂ, ਉਨ੍ਹਾਂ ਦੇ ਪਿਤਾ ਸਮੇਤ ਪਿੰਡ ਦੇ ਤਿੰਨ ਹੋਰ ਵਿਅਕਤੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਹਰਮਿੰਦਰ ਸਿੰਘ ਸੰਧੂ ਇਸ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪੰਜਾਬ ਐੱਸਸੀ ਭੂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਹਨ। ਸਾਲ 2022 ’ਚ ਉਹ ਆਪ ਵੱਲੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ।ਥਾਣੇਦਾਰ ਹੰਸ ਰਾਜ ਵੱਲੋਂ ਦਰਜ ਮਾਮਲੇ ਮੁਤਾਬਕ ਪਿੰਡ ਚੱਬੇਵਾਲ ਦੇ ਸਰਪੰਚ ਸ਼ਵਰੰਜਨ ਸਿੰਘ ਰੋਮੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਪਿੰਡ ’ਚ 29 ਦਸਬੰਰ 2017 ਤੋਂ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਸੀ। 23 ਜਨਵਰੀ 2018 ਨੂੰ ਜਦੋਂ ਉਹ ਪੰਚਾਇਤ ਜੇਈ ਗੌਤਮ ਨਾਲ ਮੌਕੇ ’ਤੇ ਪਾਈਪਾਂ ਪਾਉਣ ਦਾ ਕੰਮ ਕਰਵਾ ਰਹੇ ਸਨ ਤਾਂ ਸੁਰਿੰਦਰ ਪਾਲ ਸਿੰਘ ਸੰਧੂ, ਉਨ੍ਹਾਂ ਦੇ ਪੁੱਤਰ ਹਰਮਿੰਦਰ ਸਿੰਘ ਸੰਧੂ, ਰਸ਼ਪਾਲ ਸਿਘ ਸੰਧੂ, ਭਤੀਜਾ ਮਨਰਾਜ ਸਿੰਘ ਸੰਧੂ ਆਪਣੇ ਸਾਥੀਆਂ ਰਣਵੀਰ ਸਿੰਘ, ਦਿਲਬਾਗ ਸਿੰਘ, ਸਤਪਾਲ ਸਿੰਘ, ਅਮਰੀਕ ਚੰਦ ਨਾਲ ਮਿਲ ਕੇ ਪਾਈਪਾਂ ਪਾਉਣ ਦਾ ਕੰਮ ਰੁਕਵਾ ਦਿੱਤਾ ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਰੋਮੀ ਮੁਤਾਬਕ ਇਨ੍ਹਾਂ ਸਾਰਿਆਂ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਤੇ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖਮੀ ਵੀ ਕਰ ਦਿੱਤਾ। ਪੁਲਿਸ ਨੇ ਉਸ ਸਮੇਂ ਕਾਨੂੰਨ ਦੀ ਧਾਰਾ 323 341, 186, 148 ਤੇ 506 ਅਧੀਨ ਕੁੱਟਮਾਰ ਕਰਨ ਤੇ ਸਰਕਾਰੀ ਕੰਮ ’ਚ ਵਿਘਣ ਪਾਉਣ ਦਾ ਮਾਮਲਾ ਦਰਜ ਕੀਤਾ ਸੀ।ਵੀਰਵਾਰ ਨੂੰ ਇਸ ਮਾਮਲੇ ’ਚ ਜੁਡੀਸ਼ੀਅਲ ਮੈਜਿਸਟਰੇਟ ਨੇ ਸਰਿੰਦਰਪਾਲ ਸਿੰਘ ਸੰਧੂ ਨੂੰ ਧਾਰਾ 323, 148, ਰਸ਼ਪਾਲ ਸਿੰਘ, ਮਨਰਾਜ ਸਿੰਘ ਨੂੰ ਧਾਰਾ 323, 148, 149 ਗਗਨਦੀਪ ਸਿੰਘ ਤੇ ਆਪ ਆਗੂ ਹਰਮਿੰਦਰ ਸਿੰਘ ਸੰਧੂ ਨੂੰ ਧਾਰਾ 323, 148, 149 ਦਾ ਦੋਸ਼ੀ ਮੰਨਦੇ ਹੋਏ ਇਕ ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਇਨ੍ਹਾਂ ਤੋਂ ਪਰਖ ਅਵਧੀ ਲਈ 30, 000 ਰੁਪਏ ਕਾਨੂੰਨੀ ਕਾਰਵਾਈ ਦੇ ਖ਼ਰਚੇ ਦਾ ਦਾ ਬੌਂਡ ਵੀ ਭਰਵਾਇਆ।
ਆਪ ਆਗੂ ਹਰਮਿੰਦਰ ਸੰਧੂ ਸਮੇਤ ਪੰਜ ਨੂੰ ਇੱਕ ਸਾਲ ਕੈਦ ਤੇ ਜੁਰਮਾਨੇ ਦੀ ਸਜ਼ਾ….












