ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿਚ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਸੁਣਵਾਈ ਹੋਈ। ਇਸ ਦੌਰਾਨ ਇਸ ਕੇਸ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਯਾਨੀ ਸਿੱਟ ਵੱਲੋਂ ਅਦਾਲਤ ਨੂੰ ਇਕ ਹੋਰ ਰਿਪੋਰਟ ਪੇਸ਼ ਕੀਤੀ ਗਈ। ਇਹ ਰਿਪੋਰਟ ਇਸ ਸਮੇਂ ਸੀਲਬੰਦ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਨਿਰਧਾਰਤ ਕੀਤੀ ਗਈ ਹੈ।ਦੱਸਣਯੋਗ ਹੈ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਬਣਾਈ ਵਿਸ਼ੇਸ਼ ਜਾਂਚ ਟੀਮ ਨੇ 7 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਲਾਪਰਵਾਹੀ ਲਈ ਜ਼ਿੰਮੇਵਾਰ ਮੰਨਿਆ ਸੀ। ਇਸ ਤੋਂ ਬਾਅਦ ਸਾਰਿਆਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਅਨੁਸਾਰ ਲਾਰੈਂਸ ਦੇ ਦੋ ਇੰਟਰਵਿਊ ਸਾਹਮਣੇ ਆਏ ਸਨ। ਪਹਿਲਾ ਇੰਟਰਵਿਊ 3 ਅਤੇ 4 ਸਤੰਬਰ 2023 ਨੂੰ ਕੀਤਾ ਗਿਆ ਸੀ, ਜਦੋਂ ਲਾਰੈਂਸ ਪੰਜਾਬ ਦੇ ਸੀਆਈਏ ਖਰੜ ਦੀ ਕਸਟਡੀ ’ਚ ਸੀ। ਇਹ ਇੰਟਰਵਿਊ 14 ਮਾਰਚ 2023 ਨੂੰ ਬ੍ਰਾਡਕਾਸਟ ਹੋਇਆ ਸੀ, ਜਿਸ ’ਚ ਉਸਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦੀ ਗੱਲ ਮੰਨੀ ਸੀ।
ਉਸਨੇ ਕਿਹਾ ਸੀ ਕਿ ਮੂਸੇਵਾਲਾ ਨੇ ਉਸਦੇ ਦੋਸਤ ਤੇ ਅਕਾਲੀ ਨੇਤਾ ਵਿਕੀ ਮਿਡੂਖੇੜਾ ਦੇ ਕਤਲ ’ਚ ਹਿੱਸਾ ਲਿਆ ਸੀ, ਜਿਸ ਕਾਰਨ ਉਸਨੂੰ ਮਰਵਾਇਆ ਗਿਆ। ਦੂਜਾ ਇੰਟਰਵਿਊ ਜੈਪੁਰ ਦੀ ਸੈਂਟ੍ਰਲ ਜੇਲ੍ਹ ’ਚ ਹੋਇਆ, ਜਿਸ ਵਿਚ ਲਾਰੈਂਸ ਨੇ ਆਪਣੀ ਬੈਰਕ ਦੇ ਅੰਦਰੋਂ ਕਾਲ ਕਰਨ ਅਤੇ ਮੋਬਾਇਲ ਵਰਤਣ ਦੇ ਸਬੂਤ ਵੀ ਦਿੱਤੇ। ਉਸਨੇ ਦੱਸਿਆ ਕਿ ਮੋਬਾਇਲ ਜੇਲ੍ਹ ਦੇ ਅੰਦਰ ਬਾਹਰੋਂ ਸੁੱਟ ਕੇ ਪਹੁੰਚਾਏ ਜਾਂਦੇ ਹਨ ਅਤੇ ਕਈ ਵਾਰ ਜੇਲ੍ਹ ਸਟਾਫ਼ ਵੱਲੋਂ ਫੜੇ ਵੀ ਜਾਂਦੇ ਹਨ, ਪਰ ਅਕਸਰ ਉਸ ਤਕ ਪਹੁੰਚ ਜਾਂਦੇ ਹਨ। ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ’ਤੇ ਸਵਾਲ ਉਠੇ ਸਨ।
ਇਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਵੀ ਜੇਲ੍ਹ ਤੋਂ ਨਹੀਂ ਹੋਇਆ। ਉਨ੍ਹਾਂ ਨੇ ਲਾਰੈਂਸ ਦੀਆਂ ਦੋ ਤਸਵੀਰਾਂ ਦਿਖਾਉਂਦਿਆਂ ਕਿਹਾ ਸੀ ਕਿ ਬਠਿੰਡਾ ਜੇਲ੍ਹ ਲਿਆਂਦੇ ਸਮੇਂ ਉਸਦੇ ਵਾਲ ਕੱਟੇ ਹੋਏ ਸਨ ਅਤੇ ਉਸਦੀ ਦਾੜ੍ਹੀ–ਮੁੱਛ ਨਹੀਂ ਸੀ।













