ਅਮਰੀਕਾ ਦੇ ਇਡਾਹੋ ‘ਚ ਇੱਕ ਏਅਰ ਸ਼ੋਅ ਦੌਰਾਨ ਇੱਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਾਊਂਟੇਨ ਹੋਮ ਏਅਰ ਫੋਰਸ ਬੇਸ ‘ਤੇ ਚੱਲ ਰਹੇ ‘ਗਨਫਾਈਟਰ ਸਕਾਈਜ਼ ਏਅਰ ਸ਼ੋਅ’ ਦੌਰਾਨ ਦੋ ਅਮਰੀਕੀ ਲੜਾਕੂ ਜਹਾਜ਼ ਹਵਾ ‘ਚ ਇੱਕ-ਦੂਜੇ ਨਾਲ ਟਕਰਾ ਕੇ ਕ੍ਰੈਸ਼ ਹੋ ਗਏ।ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਜਹਾਜ਼ਾਂ ਨੂੰ ਭਿਆਨਕ ਅੱਗ ਲੱਗ ਗਈ ਅਤੇ ਉਹ ਪਲਾਂ ‘ਚ ਮਲਬੇ ਦੇ ਢੇਰ ‘ਚ ਬਦਲ ਗਏ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ਾਂ ਦੇ ਚਾਲਕ ਦਲ ਦੇ ਸਾਰੇ ਚਾਰ ਮੈਂਬਰ ਸਮਾਂ ਰਹਿੰਦੇ ‘ਇਜੈਕਟ’ (ਬਾਹਰ ਨਿਕਲਣ) ‘ਚ ਸਫਲ ਰਹੇ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ।ਫੌਜੀ ਅੱਡੇ ਦੇ ਅਧਿਕਾਰੀਆਂ ਅਨੁਸਾਰ ਸਾਰੇ ਪਾਇਲਟਾਂ ਦੀ ਹਾਲਤ ਸਥਿਰ ਹੈ। ਚੰਗੀ ਕਿਸਮਤ ਰਹੀ ਕਿ ਮੈਦਾਨ ‘ਚ ਮੌਜੂਦ ਕਿਸੇ ਵੀ ਦਰਸ਼ਕ ਜਾਂ ਆਮ ਨਾਗਰਿਕ ਨੂੰ ਕੋਈ ਸੱਟ ਨਹੀਂ ਲੱਗੀ। ਇਹ ਘਟਨਾ ਐਤਵਾਰ ਦੁਪਹਿਰ ਕਰੀਬ 12:30 ਵਜੇ (ਸਥਾਨਕ ਸਮੇਂ ਅਨੁਸਾਰ) ਵਾਪਰੀ। ਦੋਵੇਂ ਜੈੱਟ ਹਵਾ ‘ਚ ਕਲਾਬਾਜ਼ੀਆਂ ਦਿਖਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
ਅਮਰੀਕੀ ਨੇਵੀ ਦੀ ਬੁਲਾਰਾ ਕਮਾਂਡਰ ਅਮੇਲੀਆ ਉਮਯਮ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ EA-18G ਗ੍ਰੋਲਰ (Growler) ਸਨ, ਜੋ ਵਾਸ਼ਿੰਗਟਨ ਦੇ ‘ਇਲੈਕਟ੍ਰਾਨਿਕ ਅਟੈਕ ਸਕੁਐਡਰਨ 129’ ਨਾਲ ਸਬੰਧਤ ਸਨ।
ਏਅਰ ਸ਼ੋਅ ਕੀਤਾ ਗਿਆ ਰੱਦ
ਸਿਲਵਰ ਵਿੰਗਜ਼ ਆਫ ਇਡਾਹੋ ਦੀ ਮਾਰਕੀਟਿੰਗ ਡਾਇਰੈਕਟਰ ਕਿਮ ਸਾਈਕਸ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਲੋਕ ਸੁਰੱਖਿਅਤ ਹਨ। ਹਾਦਸੇ ਤੋਂ ਤੁਰੰਤ ਬਾਅਦ ਸੁਰੱਖਿਆ ਕਾਰਨਾਂ ਕਰਕੇ ਪੂਰੇ ਏਅਰ ਫੋਰਸ ਬੇਸ ਨੂੰ ਸੀਲ ਕਰ ਦਿੱਤਾ ਗਿਆ ਅਤੇ ਚੱਲ ਰਹੇ ਏਅਰ ਸ਼ੋਅ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ। ਫਿਲਹਾਲ ਅਮਰੀਕੀ ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।














Add Comment