Home » ਡਿਊਟੀ ਦੌਰਾਨ ਮਮਦੋਟ ਦੇ ਫ਼ੌਜੀ ਜਵਾਨ ਕਰੰਟ ਲੱਗਣ ਨਾਲ ਮੌਤ…
Home Page News India India News

ਡਿਊਟੀ ਦੌਰਾਨ ਮਮਦੋਟ ਦੇ ਫ਼ੌਜੀ ਜਵਾਨ ਕਰੰਟ ਲੱਗਣ ਨਾਲ ਮੌਤ…

Spread the news


ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਅਧੀਨ ਪੈਂਦੇ ਸਰਹੱਦੀ ਬਲਾਕ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਦੇ ਫ਼ੌਜੀ ਜਵਾਨ ਹਰਮੇਸ਼ ਸਿੰਘ (32) ਦੀ ਪੱਛਮੀ ਬੰਗਾਲ ਦੇ ਪਾਨਾਗੜ੍ਹ ਵਿਖੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ।ਫ਼ੌਜੀ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਹਰਮੇਸ਼ ਸਿੰਘ ਫ਼ੌਜੀ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ 17 ਜੁਲਾਈ ਨੂੰ ਸਵੇਰੇ 11 ਵਜੇ ਦੇ ਕਰੀਬ ਡਿਊਟੀ ਦੌਰਾਨ ਹਰਮੇਸ਼ ਸਿੰਘ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਿਆ ਸੀ।ਜ਼ਖ਼ਮੀ ਹਾਲਤ ਵਿਚ ਸਾਥੀ ਫ਼ੌਜੀਆਂ ਵੱਲੋਂ ਉਸ ਨੂੰ ਤੁਰੰਤ ਪਾਨਾਗੜ੍ਹ ਦੇ ਆਰਮੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ 19 ਜੁਲਾਈ ਦੀ ਰਾਤ 8 ਵਜੇ ਉਸ ਦੀ ਮੌਤ ਹੋ ਗਈ। ਹਰਮੇਸ਼ ਸਿੰਘ 12 ਸਾਲ ਪਹਿਲਾ 2 ਸਿਖਲਾਈ ਯੂਨਿਟ ਵਿਚ ਭਰਤੀ ਹੋਇਆ ਸੀ। ਉਹ ਬੀਤੇ ਮਾਰਚ ਮਹੀਨੇ ਵਿਚ ਆਪਣੇ ਜੱਦੀ ਪਿੰਡ ਰਾਉਕੇ ਹਿਠਾੜ (ਮਮਦੋਟ) ਵਿਖੇ ਪਰਿਵਾਰ ਨਾਲ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ’ਤੇ ਗਿਆ ਸੀ।

ਫ਼ੌਜੀ ਜਵਾਨ ਆਪਣੇ ਪਿੱਛੇ ਪਤਨੀ ਸੀਮਾ ਰਾਣੀ, ਇਕ 4 ਸਾਲ ਦਾ ਲੜਕਾ ਸਿਮਰਨਪ੍ਰੀਤ ਸਿੰਘ, 3 ਸਾਲ ਦੀ ਲੜਕੀ ਸਹਿਨਸ਼ਾਹ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ਾਸਨ ਮੁਤਾਬਿਕ ਮ੍ਰਿਤਕ ਦੇਹ 21 ਜੁਲਾਈ ਨੂੰ ਸਵੇਰੇ ਪਿੰਡ ਰਾਊਕੇ ਹਿਠਾੜ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪਹੁੰਚੇਗੀ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਫ਼ੌਜ਼ੀ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।