ਕੈਨੇਡਾ ਦੀ ਸਿਹਤ ਪ੍ਰਣਾਲੀ ਵਿੱਚ ਲੰਬੇ ਇੰਤਜ਼ਾਰ ਨੂੰ ਲੈ ਕੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਕੈਨੇਡੀਅਨ ਥਿੰਕ ਟੈਂਕ SecondStreet.org ਦੀ ਨਵੀਂ ਰਿਪੋਰਟ ਮੁਤਾਬਕ, 2025-26 ਦੌਰਾਨ ਘੱਟੋ-ਘੱਟ 29,000 ਲੋਕਾਂ ਦੀ ਮੌਤ ਸਰਜਰੀ, ਮੈਡੀਕਲ ਪ੍ਰਕਿਰਿਆਵਾਂ, ਸਕੈਨ ਜਾਂ ਮਾਹਿਰ ਡਾਕਟਰਾਂ ਦੀ ਮੁਲਾਕਾਤ ਦੀ ਉਡੀਕ ਕਰਦਿਆਂ ਹੋਈ।ਰਿਪੋਰਟ ਅਨੁਸਾਰ, ਪਿਛਲੇ ਸਾਲ ਦੇ ਮੁਕਾਬਲੇ ਅਜਿਹੀਆਂ ਮੌਤਾਂ ਵਿੱਚ 1.4 ਫੀਸਦੀ ਵਾਧਾ ਹੋਇਆ ਹੈ। ਸਰਜਰੀ ਦੀ ਉਡੀਕ ਕਰ ਰਹੇ ਮਰੀਜ਼ਾਂ ਦੀਆਂ ਮੌਤਾਂ ਵਿੱਚ 17.5 ਫੀਸਦੀ ਵਾਧਾ ਦਰਜ ਕੀਤਾ ਗਿਆ, ਜਦਕਿ ਡਾਇਗਨੌਸਟਿਕ ਸਕੈਨ ਦੀ ਉਡੀਕ ਦੌਰਾਨ ਹੋਣ ਵਾਲੀਆਂ ਮੌਤਾਂ ਵਿੱਚ 2.8 ਫੀਸਦੀ ਕਮੀ ਆਈ।
ਸੂਬਿਆਂ ਦੇ ਅੰਕੜਿਆਂ ਮੁਤਾਬਕ, ਮੈਨੀਟੋਬਾ ਵਿੱਚ ਸਰਜਰੀ ਦੀ ਉਡੀਕ ਕਰਦਿਆਂ ਮਰਨ ਵਾਲਿਆਂ ਦੀ ਗਿਣਤੀ 163 ਤੋਂ ਵਧ ਕੇ 316 ਹੋ ਗਈ। ਇਸ ਦੇ ਉਲਟ ਬ੍ਰਿਟਿਸ਼ ਕੋਲੰਬੀਆ ਵਿੱਚ ਇਹ ਗਿਣਤੀ 4,620 ਤੋਂ ਘਟ ਕੇ 4,365 ਅਤੇ ਸਸਕੈਚਵਨ ਵਿੱਚ 333 ਤੋਂ ਘਟ ਕੇ 317 ਰਹੀ। ਓਨਟਾਰੀਓ ਵਿੱਚ ਵੀ ਕੁੱਲ ਅੰਕੜਿਆਂ ਵਿੱਚ ਕਮੀ ਦਰਜ ਕੀਤੀ ਗਈ, ਪਰ 115 ਕੈਂਸਰ ਸਰਜਰੀਆਂ ਮਰੀਜ਼ਾਂ ਦੀ ਇਲਾਜ ਤੋਂ ਪਹਿਲਾਂ ਮੌਤ ਹੋਣ ਕਾਰਨ ਰੱਦ ਹੋ ਗਈਆਂ। SecondStreet.org ਦੇ ਪ੍ਰਧਾਨ ਕੋਲਿਨ ਕਰੇਗ ਨੇ ਕਿਹਾ ਕਿ ਕੈਨੇਡਾ ਦੀ ਸਥਿਤੀ ਗਲਤ ਦਿਸ਼ਾ ਵੱਲ ਜਾ ਰਹੀ ਹੈ। ਉਨ੍ਹਾਂ ਮੁਤਾਬਕ, ਕਈ ਸੂਬੇ ਅਜਿਹੇ ਅੰਕੜੇ ਇਕੱਠੇ ਨਹੀਂ ਕਰਦੇ ਜਾਂ ਜਨਤਕ ਨਹੀਂ ਕਰਦੇ, ਇਸ ਲਈ ਅਸਲ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਇਸ ਰਿਪੋਰਟ ਨੇ ਕੈਨੇਡਾ ਦੀ ਸਿਹਤ ਪ੍ਰਣਾਲੀ ਵਿੱਚ ਲੰਬੀਆਂ ਉਡੀਕਾਂ ਅਤੇ ਸਮੇਂ ਸਿਰ ਇਲਾਜ ਮਿਲਣ ਦੇ ਮੁੱਦੇ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।














Add Comment