ਹੋ ਸਕਦਾ ਹੈ ਕਿ ਤੁਸੀਂ ਆਪਣੀ ਰੂਟੀਨ ’ਚ ਨਿਯਮਤ ਕਸਰਤ (Regular Exercise Routine) ਤੇ ਪੌਸ਼ਟਿਕ ਖ਼ੁਰਾਕ (Nutritious Diet) ਸ਼ਾਮਲ ਕੀਤੀ ਹੋਵੇ ਪਰ ਉਸ ਦਾ ਸਹੀ ਨਤੀਜਾ ਨਹੀਂ ਮਿਲ ਰਿਹਾ। ਕੀ ਤੁਸੀਂ ਜਾਣਦੇ ਹੋ ਕਿ ਇੰਨੇ ਜਤਨ ਕਰਨ ਦੇ ਬਾਵਜੂਦ ਅਜਿਹਾ ਕਿਉਂ ਹੋ ਰਿਹਾ ਹੈ? ਗੱਲ ਜਦੋਂ ਸਿਹਤ ਤੇ ਫ਼ਿੱਟਨੈੱਸ (Health & Fitness) ਦੀ ਆਉਂਦੀ ਹੈ, ਤਾਂ ਅਕਸਰ ਅਸੀਂ ਜੋ ਕੁਝ ਖਾਂਦੇ ਹਾਂ, ਉਸ ਵੱਲ ਤਾਂ ਧਿਆਨ ਦਿੰਦੇ ਹਾਂ ਪਰ ਅਸੀਂ ਖਾ ਕਿਵੇਂ ਰਹੇ ਹਾਂ, ਇਸ ਬਾਰੇ ਕੋਈ ਨਹੀਂ ਸੋਚਦਾ। ਤੁਹਾਡਾ ਉਦੇਸ਼ ਭਾਵੇਂ ਕੁਝ ਵੀ ਹੋਵੇ, ਪਹਿਲਾ ਕਦਮ ਸਹੀ ਭੋਜਨ ਦਾ ਸਹੀ ਦਿਸ਼ਾ ’ਚ ਖਾਣਾ ਹੈ। ਇੱਥੇ ਖਾਣ-ਪੀਣ ਨਾਲ ਜੁੜੀਆਂ ਕੁਝ ਖ਼ਰਾਬ ਆਦਤਾਂ ਬਾਰੇ ਦੱਸਿਆ ਜਾ ਰਿਹਾ ਹੈ; ਜਿਨ੍ਹਾਂ ਨੂੰ ਤੰਦਰੁਸਤ ਜੀਵਨ-ਸ਼ੈਲੀ (Healthy Lifestyle) ਅਪਨਾਉਣ ਲਈ ਹਟਾਉਣਾ ਜ਼ਰੂਰੀ ਹੈ।
ਟੀਵੀ ਵੇਖਦਿਆਂ ਖਾਣਾ
ਲੋਕਾਂ ਨੂੰ ਖਾਣਾ ਖਾਂਦੇ ਸਮੇਂ ਅਕਸਰ ਮਨਪਸੰਦ ਸ਼ੋਅ ਜਾਂ ਪ੍ਰੋਗਰਾਮ ਦਾ ਆਨੰਦ ਮਾਣਦਿਆਂ ਵੇਖਿਆ ਜਾ ਸਕਦਾ ਹੈ ਪਰ ਇਹ ਚੰਗੀ ਆਦਤ ਨਹੀਂ ਹੈ। ਸ਼ੋਅ ਵੇਖਦਿਆਂ ਵਿਅਕਤੀ ਸਮਰੱਥਾ ਤੋਂ ਵੱਧ ਖਾਣਾ ਖਾ ਜਾਂਦਾ ਹੈ ਤੇ ਉਸ ਨੂੰ ਪਤਾ ਵੀ ਨਹੀਂ ਚੱਲਦਾ। ਇੰਝ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਚੱਲਦੇ-ਫਿਰਦੇ ਖਾਣਾ
ਕੰਮ ਕਰਦਿਆਂ, ਡ੍ਰਾਈਵਿੰਗ ਕਰਦਿਆਂ ਤੇ ਇੱਥੋਂ ਤੱਕ ਟਹਿਲਦੇ ਹੋਏ ਖਾਣ ਨੂੰ ਵੀ ਕਈ ਮਾਹਿਰ ਵਧੀਆ ਆਦਤ ਨਹੀਂ ਮੰਨਦੇ। ਖਾਣ ਤੋਂ ਧਿਆਨ ਹਟਾਉਣ ਅਸਲ ’ਚ ਵੱਧ ਖਾਣੇ ਦਾ ਕਾਰਨ ਬਣ ਸਕਦਾ ਹੈ। ਇਸ ਦੌਰਾਨ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਕਿ ਤੁਸੀਂ ਲੋੜ ਤੋਂ ਜ਼ਿਆਦਾ ਭੋਜਨ ਕਦੋਂ ਖਾ ਲਿਆ। ਇਸ ਲਈ ਬਿਹਤਰ ਹੈ ਕਿ ਬੈਠ ਕੇ, ਹੌਲੀ-ਹੌਲੀ ਤੇ ਧਿਆਨ ਨਾਲ ਭੋਜਨ ਖਾਓ। ਇੰਝ ਤੁਸੀਂ ਨਾ ਸਿਰਫ਼ ਸੁਆਦ ਦਾ ਆਨੰਦ ਮਾਣ ਸਕੋਗੇ, ਸਗੋਂ ਇਹ ਵੀ ਜਾਣ ਜਾਓਗੇ ਕਿ ਕਦੋਂ ਤੁਹਾਡਾ ਢਿੱਡ ਭਰ ਗਿਆ ਹੈ।
ਤਣਾਅ ਹੋਣ ’ਤੇ ਖਾਣਾ
ਭਾਵਨਾਤਮਕ ਰੌਂਅ ’ਚ ਜਾਂ ਤਣਾਅ ਹੋਣ ’ਤੇ ਖਾਣਾ ਅਸਲ ਵਿੱਚ ਤੁਹਾਡੇ ਭੋਜਨ ਦੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਇਹ ਗ਼ੈਰ-ਸਿਹਤਮੰਦ ਭੋਜਨ ਉੱਤੇ ਨਿਰਭਰਤਾ ਦਾ ਕਾਰਨ ਬਣ ਸਕਦਾ ਹੈ ਤੇ ਤੁਸੀਂ ਜ਼ਿਆਦਾ ਖਾ ਸਕਦੇ ਹੋ। ਇਸ ਖ਼ਰਾਬ ਖਾਣ-ਪੀਣ ਦੀ ਆਦਤ ਨੂੰ ਸ਼ਾਂਤ ਕਰਨ ਵਾਲੀ ਆਦਤ ਨਾਲ ਬਦਲੋ।
ਕੈਲੋਰੀ ਨੂੰ ਪੀਣਾ
ਡ੍ਰਿੰਕਸ ਤਾਜ਼ਾ, ਹਲਕੇ ਤੇ ਆਸਾਨੀ ਨਾਲ ਹਜ਼ਮ ਹੋਣ ਯੋਗ ਹੁੰਦੇ ਹਨ। ਉਨ੍ਹਾਂ ਤੋਂ ਤੁਹਾਨੂੰ ਓਨਾ ਜ਼ਿਆਦਾ ਪੋਸ਼ਣ ਨਹੀਂ ਮਿਲੇਗਾ, ਜਿੰਨਾ ਭੋਜਨ ਤੋਂ ਮਿਲਦਾ ਹੈ। ਆਸਾਨੀ ਨਾਲ ਹਜ਼ਮ ਹੋਣ ਕਾਰਣ ਡ੍ਰਿੰਕਸ ਦੀ ਵਰਤੋਂ ਤੁਹਾਨੂੰ ਅਕਸਰ ਭੁੱਖਾ ਛੱਡ ਸਕਦੀ ਹੈ ਤੇ ਇਹ ਜ਼ਿਆਦਾ ਖਾਣ ਦਾ ਕਾਰਨ ਬਣ ਸਕਦਾ ਹੈ।