ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. 12ਵੀਂ ਦੀ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਦੇ ਇਛੁੱਕ ਵਿਦਿਆਰਥੀਆਂ ਦੀ ਨਜ਼ਰ ਹੁਣ ਜੇ. ਈ. ਈ. ਅਤੇ ‘ਨੀਟ’ ਪ੍ਰੀਖਿਆਵਾਂ ’ਤੇ ਹੈ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ ਮੇਨਸ, ਐਡਵਾਂਸ ਪ੍ਰੀਖਿਆ ਅਤੇ ‘ਨੀਟ’ ਦੀਆਂ ਤਾਰੀਖ਼ਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਹੋਣ ਤੋਂ ਬਾਅਦ ਇਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤੇ ਜਾਣ ਦੀਆਂ ਸੰਭਾਵਨਾਵਾਂ ਪੱਕੀਆਂ ਹੋ ਗਈਆਂ ਹਨ।
ਸਰਕਾਰ ਨੇ ਮੰਗਲਵਾਰ ਨੂੰ 12ਵੀਂ ਦੀ ਪ੍ਰੀਖਿਆ ਰੱਦ ਕਰਦੇ ਹੋਏ ਮੁਕਾਬਲੇ ਦੀ ਪ੍ਰੀਖਿਆ ਸਬੰਧੀ ਕੋਈ ਫ਼ੈਸਲਾ ਨਹੀਂ ਕੀਤਾ। ਇਸੇ ਲੜੀ ਤਹਿਤ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੇ. ਈ. ਈ. ਅਤੇ ‘ਨੀਟ’ ਪ੍ਰੀਖਿਆ ਤਾਂ ਸਰਕਾਰ ਜ਼ਰੂਰ ਕਰਵਾਏਗੀ। ਸੂਤਰਾਂ ਦੀ ਮੰਨੀਏ ਤਾਂ ਅਪ੍ਰੈਲ ਅਤੇ ਮਈ ’ਚ ਟਾਲੀ ਜੇ. ਈ. ਈ. ਮੇਨਸ ਦੀ ਪ੍ਰੀਖਿਆ ਹੁਣ ਜੁਲਾਈ ਦੇ ਅਖ਼ੀਰ ਜਾਂ ਅਗਸਤ ਦੇ ਸ਼ੁਰੂ ਵਿਚ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਐਡਵਾਂਸ ਪ੍ਰੀਖਿਆ ਸਤੰਬਰ ’ਚ ਹੋਵੇਗੀ।
ਮਾਹਿਰਾਂ ਮੁਤਾਬਕ ਅਕਤੂਬਰ ਦੇ ਮੱਧ ਤੱਕ ਕਾਊਂਸਲਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਵਾਂ ਸੈਸ਼ਨ ਸ਼ੁਰੂ ਹੋਵੇਗਾ। ਨਾਲ ਹੀ ਵਿਦਿਆਰਥੀਆਂ ਨੂੰ ਘੱਟ ਸਮੇਂ ’ਚ ਉਨ੍ਹਾਂ ਦੀ ਪਸੰਦ ਦੀ ਸਟ੍ਰੀਮ ਦਿੰਦੇ ਹੋਏ ਜਲਦ ਨਵਾਂ ਸੈਸ਼ਨ ਸ਼ੁਰੂ ਕਰਨ ਲਈ ਕਾਊਂਸਲਿੰਗ ਰਾਊਂਡਸ ਨੂੰ 7 ਤੋਂ ਘਟਾ ਕੇ 6 ਤੱਕ ਘੱਟ ਕੀਤਾ ਜਾ ਸਕਦਾ ਹੈ। ਐਜੂਸਕੇਅਰ ਇੰਸਟੀਚਿਊਟ ਦੇ ਸਾਇੰਸ ਵਿੰਗ ਡਾਇਰੈਕਟਰ ਤੇਜਵੀਰ ਸਿੰਘ ਨੇ ਕਿਹਾ ਕਿ ਬੱਚਿਆਂ ਕੋਲ 2 ਮਹੀਨੇ ਦਾ ਸਮਾਂ ਅਤੇ ਹੁਣ ਜਦੋਂ 12ਵੀਂ ਦੀ ਪ੍ਰੀਖਿਆ ਰੱਦ ਹੋ ਚੁੱਕੀ ਹੈ ਤਾਂ ਬੱਚੇ ਚੰਗੀ ਤਰ੍ਹਾਂ ਜੇ. ਈ. ਈ. ਅਤੇ ‘ਨੀਟ’ ਦੀ ਤਿਆਰੀ ਕਰ ਸਕਦੇ ਹਨ।