ਦੇਸ਼ ‘ਚ ਮੱਚੀ ਹਾਹਕਾਰ ਕਾਰਨ ਲੋਕ ਮਰਨ ਕੰਡੇ ਦਿਖਾਈ ਦੇ ਰਹੇ ਹਨ। ਇਸ ਦੇ ਮਦੇਨਜਰ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਅਤੇ ਕੁਝ ਹੋਰ ਮੁੱਦਿਆਂ ਬਾਰੇ ਸਰਕਾਰ ਨੂੰ ਘੇਰਨ ਦੀ ਰਣਨੀਤੀ ‘ਤੇ ਵਿਚਾਰ-ਵਟਾਂਦਰੇ ਲਈ ਅੱਜ ਸੀਨੀਅਰ ਨੇਤਾਵਾਂ ਦੀ ਇੱਕ ਬੈਠਕ ਬੁਲਾਈ ਹੈ।
ਇਸ ਬੈਠਕ ਵਿੱਚ ਪਾਰਟੀ ਦੇ ਜਨਰਲ ਸਕੱਤਰ ਅਤੇ ਸੂਬਾ ਇੰਚਾਰਜ ਸ਼ਾਮਿਲ ਹੋ ਸਕਦੇ ਹਨ । ਇਸ ਡਿਜੀਟਲ ਮੀਟਿੰਗ ਵਿੱਚ ਕਾਂਗਰਸ ਦੇ ਨੇਤਾ ਪਾਰਟੀ ਦੇ ਪ੍ਰਸਤਾਵਿਤ ਸੰਪਰਕ ਅਭਿਆਨ ‘ਤੇ ਵੀ ਵਿਚਾਰ-ਵਟਾਂਦਰੇ ਕਰ ਸਕਦੇ ਹਨ ।
ਹਾਲ ਹੀ ਵਿੱਚ ਕਾਂਗਰਸ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤਾ ਸੀ । ਪਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਕਈਂ ਰਾਜਾਂ ਵਿੱਚ ਪੈਟਰੋਲ 100 ਦੇ ਪਾਰ ਹੋ ਗਿਆ ਹੈ । ਅਜਿਹੀ ਸਥਿਤੀ ਵਿੱਚ ਕਾਂਗਰਸ ਇੱਕ ਵਾਰ ਫਿਰ ਸੜਕਾਂ ‘ਤੇ ਉਤਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਕੋਰੋਨਾ ਸੰਕ੍ਰਮਣ ਨੂੰ ਲੈ ਕੇ ਕਾਂਗਰਸ ਵੱਲੋਂ ਸ਼ੁਰੂ ਕੀਤੇ ਜਾ ਰਹੇ ਸਰਵੇ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ ।
ਦੱਸ ਦੇਈਏ ਕਿ ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਇਹ ਬੈਠਕ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਬੁਲਾਈ ਹੈ। ਮਾਨਸੂਨ ਸੈਸ਼ਨ ਜੁਲਾਈ ਵਿੱਚ ਹੋ ਸਕਦਾ ਹੈ। ਕਾਂਗਰਸ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੁੱਦੇ ਨੂੰ ਲੈ ਕੇ ਪਿਛਲੇ ਕੁਝ ਹਫ਼ਤਿਆਂ ਤੋਂ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀ ਹੈ ।