ਰੇਜਿਨਾ: ਕੈਨੇਡਾ ’ਚ ਅਣਪਛਾਤੀਆਂ ਕਬਰਾਂ ਦੀ ਇਹ ਗਿਣਤੀ ਦੇਸ਼ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਫੈਡਰੇਸ਼ਨ ਆਫ਼ ਸੌਵਰੇਨ ਇੰਡੀਜੀਨਸ ਫਸਟ ਨੇਸ਼ਨ (ਐਫਐਸਆਈਐਨ) ਨੇਤਾ ਬੌਬੀ ਕੈਮਰੂਨ ਅਤੇ ਕੋਸੈਕਸ ਪ੍ਰਮੁੱਖ ਕੈਡਮਸ ਡੇਲੋਰਮੀ ਨੇ ਕਿਹਾ ਕਿ ਉਹ ਇਨ੍ਹਾਂ ਕਬਰਾਂ ਦੀ ਖੋਜ ਬਾਰੇ ਵਿਸਥਾਰ ਪੂਰਵਕ ਦੱਸਦ ਲਈ ਇੱਕ ਪ੍ਰੈਸ ਕਾਨਫਰੰਸ ਕਰਨਗੇ। ਹਾਸਲ ਜਾਣਕਾਰੀ ਮੁਤਾਬਕ ਇਹ ਰਿਹਾਇਸ਼ੀ ਸਕੂਲ 1899 ਤੋਂ 1997 ਤੱਕ ਚੱਲਿਆ ਸੀ। ਇਹ ਸਸਕੈਚੇਵਨ ਦੀ ਰਾਜਧਾਨੀ ਰੇਜਿਨਾ ਤੋਂ ਲਗਪਗ 140 ਕਿਲੋਮੀਟਰ ਦੂਰ ਪੂਰਬ ਵਿੱਚ ਸਥਿਤ ਹੈ, ਜਿੱਥੇ ਹੁਣ ਕੋਸੈਕਸ ਭਾਈਚਾਰੇ ਦੇ ਲੋਕ ਰਹਿੰਦੇ ਹਨ।
ਮੂਲਵਾਸੀ ਬੱਚਿਆਂ ਨੂੰ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਬੱਚਿਆਂ ਨਾਲ ਕੁੱਟਮਾਰ ਵੀ ਹੁੰਦੀ ਸੀ। ਕਿਹਾ ਜਾਂਦਾ ਹੈ ਕਿ ਸਵਦੇਸ਼ੀ ਭਾਈਚਾਰੇ ਦੇ 6 ਹਜ਼ਾਰ ਬੱਚਿਆਂ ਦੀ ਮੌਤ ਹੋਈ ਸੀ। ਕੈਨੇਡਾ ਸਰਕਾਰ ਨੇ ਇਸ ਅਣਮਨੁੱਖੀ ਵਿਹਾਰ ਲਈ 2008 ’ਚ ਰਸਮੀ ਤੌਰ ’ਤੇ ਮਾਫ਼ੀ ਮੰਗੀ ਸੀ, ਪਰ ਰੋਮਨ ਕੈਥੋਲਿਕ ਚਰਚ, ਜੋ ਜ਼ਿਆਦਾਤਰ ਸਕੂਲਾਂ ਨੂੰ ਚਲਾਉਂਦਾ ਸੀ, ਉਸ ਨੇ ਹੁਣ ਤੱਕ ਮਾਫ਼ੀ ਨਹੀਂ ਮੰਗੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਪੋਪ ਫਰਾਂਸਿਸ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਕਬਰਾਂ ਦੀ ਖੋਜ ਨਾਲ ਉਨ੍ਹਾਂ ਨੂੰ ਦਰਦ ਹੋਇਆ ਹੈ, ਪਰ ਉਨ੍ਹਾਂ ਨੇ ਇਸ ਸਬੰਧੀ ਕੋਈ ਮਾਫ਼ੀ ਮੰਗਣ ਵਾਲਾ ਬਿਆਨ ਜਾਰੀ ਨਹੀਂ ਕੀਤਾ। ਇਸ ’ਤੇ ਪੀੜਤਾਂ ਦੇ ਬਚੇ ਹੋਏ ਲੋਕਾਂ ਨੇ ਪੋਪ ਦਾ ਬਿਆਨ ਖਾਰਜ ਕਰ ਦਿੱਤਾ ਸੀ।
ਸਾਲ 1970 ਵਿੱਚ ਫਸਟ ਨੇਸ਼ਨ ਨੇ ਸਕੂਲ ਦੇ ਕਬਰਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਉਹ ਸਾਰੇ ਸਾਬਕਾ ਮੂਲਵਾਸੀ ਰਿਹਾਇਸ਼ੀ ਸਕੂਲਾਂ ਵਿੱਚ ਸੰਭਾਵਿਤ ਸਮੂਹਕ ਕਬਰਾਂ ਦੀ ਖੋਜ ਕਰ ਰਿਹਾ ਹੈ। ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਤਰ੍ਹਾਂ ਜਿੱਥੇ ਪਿਛਲੇ ਮਹੀਨੇ ਬੱਚਿਆਂ ਦੇ ਪਿੰਜਰ ਮਿਲੇ ਸੀ, ਮੈਰੀਵਿਲ ਸਕੂਲ ਕੈਥੋਲਿਕ ਚਰਚ ਦੇ ਅਸੂਲਾਂ ਤਹਿਤ ਚਲਾਇਆ ਗਿਆ ਸੀ। ਇਹ ਸਵਦੇਸ਼ੀ ਸਕੂਲ ਕੈਨੇਡਾ ਦੇ ਹਿੰਸਕ ਇਤਿਹਾਸ ਦਾ ਹਿੱਸਾ ਰਹੇ ਹਨ, ਜਿੱਥੇ ਬੱਚਿਆਂ ਨੂੰ ਜਬਰਦਸਤੀ ਰਿਹਾਇਸ਼ੀ ਸਕੂਲਾਂ ਵਿੱਚ ਰੱਖਿਆ ਗਿਆ ਸੀ। ਸਾਲ 1840 ਤੋਂ 1996 ਤੱਕ ਕੈਨੇਡਾ ਵਿੱਚ 200 ਤੋਂ ਵੱਧ ਰਿਹਾਇਸ਼ੀ ਸਕੂਲ ਸਨ, ਜੋ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਚਲਾਏ ਜਾਂਦੇ ਸੀ। ਪੂਰੇ ਕੈਨੇਡਾ ਵਿੱਚ 15 ਲੱਖ ਤੋਂ ਵੱਧ ਬੱਚਿਆਂ ਨੂੰ ਸਿੱਖਿਆ ਦੇ ਨਾਂ ’ਤੇ ਉਨ੍ਹਾਂ ਦੇ ਮਾਪਿਆਂ ਤੋਂ ਅਲੱਗ ਕਰਕੇ ਰਿਹਾਇਸ਼ੀ ਸਕੂਲਾਂ ਵਿੱਚ ਦਾਖ਼ਲਾ ਕਰਵਾ ਦਿੱਤਾ ਗਿਆ ਸੀ। ਇਸ ਦਾ ਉਦੇਸ਼ ਸਵਦੇਸ਼ੀ ਅਬਾਦੀ ਦੇ ਬੱਚਿਆਂ ਅਤੇ ਉੱਥੇ ਵਸਣ ਵਾਲੇ ਲੋਕਾਂ ਦੇ ਬੱਚਿਆਂ ਵਿਚਕਾਰ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣਾ ਸੀ।