ਰੋਡਵੇਜ਼ ਕਾਮਿਆਂ ਵੱਲੋਂ ਬੱਸ ਸਟੈਂਡ 4 ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਸ਼ਨ ਕੀਤਾ ਗਿਆ। ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਪੰਨੂੰ, ਹਰਕੇਸ਼ਵ ਵਿੱਕੀ ਨੇ ਕਿਹਾ ਕਿ ਸਰਕਾਰ ਨੂੰ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜ ਰਹੇ ਹਾਂ ਅਤੇ ਹੁਣ ਵੀ 10 ਮਈ ਨੂੰ ਮੰਗਾਂ ਸਬੰਧੀ ਹੜਤਾਲ ਦਾ ਨੋਟਿਸ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਨੂੰ ਭੇਜਣ ਦੇ ਬਾਵਜੂਦ ਹੁਣ ਤੱਕ ਕੋਈ ਮੀਟਿੰਗ ਨਹੀਂ ਬੁਲਾਈ ਗਈ ਤੇ ਨਾ ਹੀ ਮਸਲੇ ਦਾ ਹੱਲ ਕੱਢਿਆ ਗਿਆ ਹੈ, ਜਿਸ ਕਾਰਨ ਮਜਬੂਰਨ ਮੁਲਾਜ਼ਮਾਂ ਨੂੰ ਹੜਤਾਲ ‘ਤੇ ਜਾਣਾ ਪੈਣਾ ਹੈ।
ਪੀਆਰਟੀਸੀ ‘ਚ ਕੰਮ ਕਰ ਰਹੇ ਕੱਚੇ ਕਾਮਿਆਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਤਿੰਨ ਰੋਜ਼ਾ ਹੜਤਾਲ ਆਰੰਭ ਕਰ ਦਿੱਤੀ ਗਈ ਹੈ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਸਮਰਥਨ ਨਹੀਂ ਕਰਨ ਵਾਲੀਆਂ ਬੱਸਾਂ ‘ਚ ਚੂੜੀਆਂ ਤੇ ਚੁੰਨੀਆਂ ਸੁੱਟ ਕੇ ਰੋਸ ਵੀ ਪ੍ਰਗਟ ਕੀਤਾ ਗਿਆ। ਉਨ੍ਹਾਂ ਅਪੀਲ ਕੀਤੀ ਕਿ ਉਹ ਵੀ ਇਸ ਧਰਨੇ ਦਾ ਸਮਰਥਨ ਕਰਨ ਤੇ ਸ਼ਾਮਲ ਹੋਣ ਤੇ ਬੱਸਾਂ ਨੂੰ ਨਾ ਚਲਾਉਣ ਤਾਂ ਕਿ ਉਨ੍ਹਾਂ ਦੀ ਆਵਾਜ਼ ਪੰਜਾਬ ਸਰਕਾਰ ਦੇ ਕੰਨਾਂ ਤਕ ਪੁੱਜ ਸਕੇ। ਇਸ ਮੌਕੇ ਮੁਲਾਜ਼ਮਾਂ ਨੇ ਜਿੱਥੇ ਪੰਜਾਬ ਸਰਕਾਰ ਖ਼ਿਲਾਫ ਦੱਬ ਕੇ ਨਾਅਰੇਬਾਜ਼ੀ ਕੀਤੀ। ਉਥੇ ਹੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਆਉਣ ਵਾਲੇ ਦਿਨਾਂ ਦੇ ‘ਚ ਉਹ ਮੋਤੀ ਮਹਿਲ ਦਾ ਘਿਰਾਓ ਵੀ ਕਰਨਗੇ।