ਸੂਬੇ ਅੰਦਰ ਅੱਤ ਦੀ ਪੈ ਰਹੀ ਗਰਮੀ ਦੌਰਾਨ ਹੀ ਰਾਜਨੀਤਿਕ ਖੇਤਰ ਵਿੱਚ ਘਮਸਾਨ ਮੱਚ ਗਿਆ ਹੈ। ਜਿਸ ਕਰਕੇ ਇਨੀਂ ਦਿਨੀਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸਦੇ ਤਹਿਤ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਬਿਜਲੀ ਕੱਟਾਂ ਖਿਲਾਫ ਧਰਨੇ ਵਿੱਚ ਪੁੱਜੀ। ਹਰਸਿਮਰਤ ਨੇ ਇੱਥੇ ਪੁੱਜਦਿਆਂ ਹੀ ਆਪਣੇ ਦਿਓਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਉੱਪਰ ਤਿੱਖੇ ਨਿਸ਼ਾਨੇ ਲਾਏ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ। ਹੋਰ ਤਾਂ ਹੋਰ ਹਰਸਿਰਤ ਬਾਦਲ ਨੇ ਬਠਿੰਡਾ ਸੀਟ ਤੋਂ ਸਰੂਪ ਚੰਦ ਸਿੰਗਲਾ ਨੂੰ ਅਕਾਲੀ ਦਲ ਉਮੀਦਵਾਰ ਐਲਾਨ ਦਿੱਤਾ।
ਉਨ੍ਹਾਂ ਨੇ ਮਨਪ੍ਰੀਤ ਬਾਦਲ ‘ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਜਿਹੜੇ ਘੁਮੰਡ ਕਰਦੇ ਹਨ, ਉਹ ਜਾਣ ਲੈਣ ਕਿ ਜਿਨ੍ਹਾਂ ਦੇ ਨਾਂ ਪਿੱਛੇ ਬਾਦਲ ਲੱਗਦਾ ਹੈ, ਉਨ੍ਹਾਂ ਦੀ ਹੀ ਦੂਜੀ ਪਾਰਟੀ ਵਿੱਚ ਪੁੱਛਗਿੱਛ ਹੁੰਦੀ ਹੈ, ਨਹੀਂ ਤਾਂ ਅਜਿਹਾ ਫੇਲ੍ਹ ਬਾਦਲ ਅੱਜ ਤੱਕ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਫੇਲ੍ਹ ਸੀ ਤਾਂ ਹੀ ਕੱਢ ਦਿੱਤਾ। ਪੀਪੀਪੀ ਵਿੱਚ ਗਿਆ ਉਹ ਵੀ ਫੇਲ੍ਹ ਕਰਤੀ। ਅੱਜ ਕਾਂਗਰਸ ਵਿੱਚ ਗਿਆ ਤਾਂ ਉਹ ਵੀ ਫੇਲ੍ਹ ਹੋ ਗਈ। ਹਰਸਿਮਰਤ ਨੇ ਕਿਹਾ ਕਿ ਉਸ ਨੇ ਤਾਂ ਬਠਿੰਡਾ ਵੀ ਫੇਲ੍ਹ ਕਰਤਾ। ਇਸ ਲਈ ਉਨ੍ਹਾਂ ਤੋਂ ਬਾਦਲ ਲੈ ਕੇ ਹੁਣ ਸਿੰਗਲਾ ਸਾਹਿਬ ਨੂੰ ਬਾਦਲ ਬਣਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਪਰਿਵਾਰ ਵਿੱਚ ਜੰਮ ਕੇ ਤਾਏ ਦਾ ਨਾ ਹੋਇਆ, ਉਹ ਕਿਸੇ ਦਾ ਕੀ ਹੋਵੇਗਾ।
ਉਨ੍ਹਾਂ ਕਿਹਾ ਕਿ ਸਾਰੇ ਥਰਮਲ ਪਲਾਂਟ ਬੰਦ ਕਰ ਸਾਰੀ ਬਿਜਲੀ ਅੱਜ ਬੰਦ ਕਰ ਦਿੱਤੀ ਹੈ। ਖੁਦ ਕੈਪਟਨ ਸਾਹਿਬ 50 ਏਸੀ ਵਾਲੇ ਫਾਰਮ ਹਾਊਸ ਵਿੱਚ ਠੰਢੀ ਹਵਾ ਖਾਣ ਤੇ ਲੋਕੀਂ ਪੱਖੀਆਂ ਝੱਲ-ਝੱਲ ਹਵਾ ਲੈਣ, ਇਸ ਤੋਂ ਦੁਖਦਾਈ ਗੱਲ ਕੀ ਹੋਰ ਹੋ ਸਕਦੀ ਹੈ। ਕਿਸਾਨਾਂ ਦੀ ਫਸਲ ਅੱਜ ਸੜ ਰਹੀ ਹੈ ਕਿਉਂਕਿ ਮੋਦੀ ਨੇ 100 ਰੁਪਏ ਲਿਟਰ ਤੇਲ ਕਰਤਾ। ਕਿਸਾਨ ਕਿਵੇਂ ਤੇਲ ਲਵੇਗਾ।
ਦਰਅਸਲ ਅੱਜ ਬਠਿੰਡਾ ਸਿਰਕੀ ਬਾਜ਼ਾਰ ਵਿੱਚ ਅਕਾਲੀ ਦਲ ਵੱਲੋਂ ਧਰਨਾ ਲਾਇਆ ਗਿਆ ਸੀ। ਇਸ ਧਰਨੇ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤੀ। ਇਸ ਮੌਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਉਨ੍ਹਾਂ ਕਿਹਾ ਜਿਸ ਤਰ੍ਹਾਂ ਕਾਂਗਰਸ ਨੇ ਲੁਟੇਰਿਆਂ, ਠੱਗਾਂ, ਚੋਰਾਂ ਦੀ ਸਰਕਾਰ ਬਣਾ ਕੇ ਦਿਖਾਇਆ, ਅੱਜ ਹਰ ਇੱਕ ਵਰਗ ਸੜਕਾਂ ‘ਤੇ ਉੱਤਰਿਆ ਹੋਇਆ ਹੈ। ਇਨ੍ਹਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ।