ਪੰਜਾਬ ਵਿੱਚ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਠੱਲ੍ਹ ਪਾਉਣ ਲਈ ਵੀਰਵਾਰ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਭਾਰਤ ਸਰਕਾਰ ਵੱਲੋਂ ਵੀ ਦੇਸ਼ ਦੀ ਕੋਵਿਡ ਸਥਿਤੀ ਬਾਰੇ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਬਾਰੇ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਤਿਉਹਾਰ ਪਿਛਲੇ ਸਾਲ ਵਾਂਗ ਘਰਾਂ ਵਿੱਚ ਪਰਿਵਾਰ ਨਾਲ਼ ਹੀ ਮਨਾਉਣ ਦੀ ਅਪੀਲ ਕੀਤੀ ਗਈ ਹੈ।
ਨਵੀਆਂ ਹਦਾਇਤਾਂ ਮੁਤਾਬਕ ਬਾਹਰਲੇ ਸੂਬਿਆਂ ਤੋਂ ਹਵਾਈ ਅਤੇ ਸੜਕੀ ਮਾਰਗ ਰਾਹੀਂ ਦਾਖ਼ਲ ਹੋਣ ਵਾਲਿਆਂ ਲਈ ਆਰਟੀਪੀਸੀਆਰ ਟੈਸਟ ਜਾਂ ਮੁਕੰਮਲ ਟੀਕਾਕਰਨ ਲਾਜ਼ਮੀ ਹੋਵੇਗਾ।
ਬੰਦ ਥਾਵਾਂ ‘ਤੇ ਹੋਣ ਵਾਲ਼ੇ ਸਮਾਗਮਾਂ ਲਈ 150 ਅਤੇ ਖੁੱਲ੍ਹੀਆਂ ਥਾਵਾਂ ਉੱਪਰ 300 ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਤੈਅ ਕੀਤੀ ਗਈ ਹੈ।
ਜਿੰਮ, ਸਿਨੇਮਾ, ਰੈਸਟੋਰੈਂਟ ਅੱਧੀ ਸਮਰੱਥਾ ਉੱਪਰ ਹੀ ਕੰਮ ਕਰਨਗੇ।
ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਕੋਵਿਡ ਦੀ ਦੂਜੀ ਲਹਿਰ ਅਜੇ ਮੁੱਕੀ ਨਹੀਂ ਹੈ ਇਸ ਲਈ ਅਸੀਂ ਅਵੇਸਲੇ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲ਼ੇ ਤਿਉਹਾਰਾਂ ਦੇ ਦਿਨਾਂ ਵਿੱਚ ਹੋਰ ਵੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।
ਭੂਸ਼ਣ ਨੇ ਵੀਰਵਾਰ ਨੂੰ ਕਿਹਾ ਕਿ SARS-CoV-2 ਵਾਇਰਸ ਦੇ ਨਵੇਂ ਰੂਪਾਂ ਦੇ ਮਾਮਲਿਆਂ ਦਾ ਵਧਣਾ ਚਿੰਤਾਜਨਕ ਹੈ। ਜਿਸ ਨੂੰ ਦੇਖਦੇ ਹੋਏ ਦੱਖਣੀ ਅਫ਼ਰੀਕਾ, ਬੰਗਲਾਦੇਸ਼, ਚੀਨ, ਮੌਰੀਸ਼ਸ, ਨਿਊਜ਼ੀਲੈਂਡ, ਬੋਟਸਵਾਨਾ ਤੇ ਜ਼ਿੰਮਬਾਬਵੇ ਤੋਂ ਆਉਣ ਵਾਲ਼ੇ ਯਾਤਰੀਆਂ ਲਈ ਆਰਟੀਪੀਸੀਆਰ ਟੈਸਟ ਜ਼ਰੂਰੀ ਹੋਵੇਗਾ।