ਅਮਰੀਕਾ ਦੀ ਡਾਟਾ ਇੰਟੈਲੀਜੈਂਸ ਫਰਮ ਮਾਰਨਿੰਗ ਕੰਸਲਟ ਦੇ ਇੱਕ ਸਰਵੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦਾ ਸਭ ਤੋਂ ਪਸੰਦੀਦਾ ਨੇਤਾ ਚੁਣਿਆ ਗਿਆ ਹੈ। ਅਪਰੂਵਲ ਰੇਟਿੰਗ (Approval Rating) ਦੇ ਮਾਮਲੇ ਵਿੱਚ ਗਲੋਬਲ ਲੀਡਰਾਂ ਦੀ ਸੂਚੀ ਵਿੱਚ ਪੀਐਮ ਮੋਦੀ ਪਹਿਲੇ ਸਥਾਨ ਉਤੇ ਹਨ।
ਪੀਐਮ ਮੋਦੀ ਦੀ ਅਪਰੂਵਲ ਰੇਟਿੰਗ ਦੋ ਮਹੀਨਿਆਂ ਵਿੱਚ ਵਧੀ ਹੈ, ਕਿਉਂਕਿ ਜੂਨ ‘ਚ ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 66 ਪ੍ਰਤੀਸ਼ਤ ਸੀ। ਮੋਦੀ ਦੀ ਡਿਸਅਪਰੂਵਲ ਰੇਟਿੰਗ ਵੀ ਘਟ ਕੇ ਲਗਪਗ 25 ਪ੍ਰਤੀਸ਼ਤ ਹੋ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਦੇ ਅਨੁਸਾਰ, ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 70 ਪ੍ਰਤੀਸ਼ਤ ਹੈ ਅਤੇ ਇਹ ਰੇਟਿੰਗ ਵਿਸ਼ਵ ਦੇ ਚੋਟੀ ਦੇ 13 ਨੇਤਾਵਾਂ ਵਿੱਚ ਸਭ ਤੋਂ ਉੱਚੀ ਹੈ।
ਮਾਰਨਿੰਗ ਕੰਸਲਟ ਦੇ ਇੱਕ ਸਰਵੇ ਦੇ ਅਨੁਸਾਰ, ਪੀਐਮ ਮੋਦੀ ਹੋਰ ਗਲੋਬਲ ਨੇਤਾਵਾਂ ਦੇ ਮੁਕਾਬਲੇ ਬਿਹਤਰ ਕੰਮ ਕਰ ਰਹੇ ਹਨ। ਪੀਐਮ ਮੋਦੀ ਤੋਂ ਇਲਾਵਾ, ਸਿਰਫ ਦੋ ਵਿਸ਼ਵ ਨੇਤਾਵਾਂ ਨੂੰ 60 ਤੋਂ ਵੱਧ ਦੀ ਰੇਟਿੰਗ ਮਿਲੀ ਹੈ।
ਇਸ ਸੂਚੀ ਵਿੱਚ ਪੀਐਮ ਮੋਦੀ ਤੋਂ ਬਾਅਦ ਦੂਜੇ ਨੰਬਰ ਉਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਦ੍ਰੇਜ ਮੈਨੁਅਲ ਲੋਪੇਜ਼ ਓਬਰਾਡੋਰ ਹਨ, ਜਿਨ੍ਹਾਂ ਦੀ ਰੇਟਿੰਗ 64 ਹੈ, ਜਦੋਂ ਕਿ ਤੀਜੇ ਨੰਬਰ ਉੱਤੇ ਇਟਲੀ ਦੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੀ ਰੇਟਿੰਗ 63 ਹੈ।