ਚੰਗੀ ਸਿਹਤ ਅਤੇ ਸੰਤੁਲਿਤ ਖ਼ੁਰਾਕ ਦੋਵੇਂ ਹੀ ਸਾਡੀ ਜ਼ਿੰਦਗੀ ਦਾ ਬੇਹੱਦ ਮਹੱਤਵਪੂਰਣ ਹਿੱਸਾ/ਅੰਗ ਹਨ। ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਲਈ ਇਹ ਵਧੇਰੇ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਜੀਵਨ ‘ਚ ਅਜਿਹੀਆਂ ਚੰਗੀਆਂ ਆਦਤਾਂ ਨੂੰ ਅਪਣਾਈਏ ਜਿਸ ਨਾਲ ਅਸੀਂ ਇੱਕ ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਬਤੀਤ ਕਰ ਸਕੀਏ। ਇਸੀ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਖ਼ੁਰਾਕ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖੀਏ ਕਿਉਂਕਿ ਸਾਡੀ ਸਿਹਤ ਸੰਪੂਰਨ ਤੌਰ ‘ਤੇ ਇੱਕ ਚੰਗੀ ਖ਼ੁਰਾਕ ਦੇ ਨਾਲ ਹੀ ਜੁੜੀ ਹੋਈ ਹੈ। ਜੀ ਹਾਂ, ਸਾਨੂੰ ਆਪਣੀ ਖ਼ੁਰਾਕ ਵਿੱਚ ਅਜਿਹੀ ਭੋਜਨ ਸਮੱਗਰੀ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਜੋ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਾਡੀ ਸਿਹਤ ‘ਤੇ ਵੀ ਚੰਗਾ ਅਸਰ ਪਾਵੇ। ਉਂਝ ਤਾਂ ਅਸੀਂ ਬਹੁਤ ਸਾਰੀਆਂ ਡਾਇਟਸ ਫੌਲੋ ਕਰਦੇ ਹਾਂ ਤਾਂ ਜੋ ਆਪਣੇ ਸਰੀਰ ਨੂੰ ਮੈਂਟੇਨ ਰੱਖ ਸਕੀਏ। ਪਰ ਕਈ ਵਾਰ ਇਨ੍ਹਾਂ ਡਾਇਟਸ ਦੀ ਪਾਲਣਾ ਕਰਨ ਨਾਲ ਨਤੀਜੇ ਥੋੜ੍ਹੀ ਦੇਰ ਨਾਲ ਮਿਲਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ‘ਤਿੱਖੀ’ ਚੀਜ਼ ਦੀ ਵਰਤੋਂ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਹਰ ਕੋਈ ਵਿਅਕਤੀ ਆਪਣੇ ਭੋਜਨ ਵਿੱਚ ਕਰਨਾ ਪਸੰਦ ਕਰਦਾ ਹੈ ਅਤੇ ਇਸ ਤੋਂ ਬਿਨਾਂ ਭੋਜਨ ਵਿੱਚ ਕੋਈ ਸੁਆਦ ਵੀ ਨਹੀਂ ਆਉਂਦਾ। ਇਸ ਦੇ ਨਾਲ ਹੀ ਇਸ ਦੇ ਸ਼ਾਨਦਾਰ ਨਤੀਜੇ ਵੀ ਬਹੁਤ ਪ੍ਰਭਾਵਸ਼ਾਲੀ ਹਨ ਜੋ ਸਾਡੀ ਸਰੀਰਕ ਅਤੇ ਮਾਨਸਿਕ ਦੋਵੇਂ ਸਿਹਤਾਂ ‘ਤੇ ਵਧੇਰੇ ਅਸਰ ਪਾਉਂਦੇ ਹਨ।
ਜੀ ਹਾਂ, ਉਹ ‘ਤਿੱਖੀ’ ਚੀਜ਼ ਹੈ ‘ਹਰੀ ਮਿਰਚ’ (Green Chilli)। ਮਸਾਲੇਦਾਰ ਭੋਜਨ ਦੀ ਗੱਲ ਹੋਵੇ ਜਾਂ ਫਿਰ ਕਿਸੀ ਵੀ ਭੋਜਨ ਸਮੱਗਰੀ ਨੂੰ ‘ਸੁਆਦੀ ਤੜਕਾ’ ਲਗਾਉਣ ਦੀ, ਹਰੀ ਮਿਰਚ ਤੋਂ ਇਲਾਵਾ ਭਲਾ ਹੋਰ ਕਿਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਰੀ ਮਿਰਚ ਨਾ ਸਿਰਫ਼ ਤੁਹਾਡੇ ਖਾਣੇ ਨੂੰ ਸੁਆਦ ਬਣਾਉਂਦੀ ਹੈ ਬਲਕਿ ਇਸ ਦੇ ਹੋਰ ਵੀ ਕਈ ਫਾਇਦੇ ਹਨ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਇਸ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਿਲ ਕਾਰਨ ਲਈ ਮਜਬੂਰ ਹੋ ਜਾਵੋਗੇ। ਹਰੀ ਮਿਰਚ ਦੀ ਵਰਤੋਂ ਚੰਗੀ ਸਿਹਤ ਲਈ ਬਹੁਤ ਲਾਭਕਾਰੀ ਹੈ ਫਿਰ ਭਾਵੇਂ ਉਹ ਸਰੀਰਕ ਸਿਹਤ ਦੀ ਗੱਲ ਹੋਵੇ ਜਾਂ ਮਾਨਸਿਕ ਸਿਹਤ ਦੀ ਗੱਲ ਹੋਵੇ। ਆਓ ਜਾਣਦੇ ਹਾਂ ਇਸ ਦੀ ਰੋਜ਼ਾਨਾ ਵਰਤੋਂ ਦੇ ਕੀ ਲਾਭ ਹਨ…
ਇਸ ਤਰ੍ਹਾਂ ਹੁੰਦਾ ਹੈ ਸਿਹਤ ਨੂੰ ਫਾਇਦਾ –
ਇਮਿਊਨਿਟੀ ਬੂਸਟ ਕਰਨ ਤੋਂ ਲੈ ਕੇ ਕਬਜ਼ ਤੋਂ ਛੁਟਕਾਰਾ ਪਾਉਣ ਤੱਕ ਅਤੇ ਭਾਰ ਘਟਾਉਣ ਤੋਂ ਇਲਾਵਾ ਇਸ ‘ਤਿੱਖੀ’ ਜਿਹੀ ਹਰੀ ਮਿਰਚ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ। ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਹਰੀ ਮਿਰਚ ਵਿੱਚ ਕੈਲੋਰੀ ਦੀ ਮਾਤਰਾ ਇੰਨੀ ਘੱਟ ਹੁੰਦੀ ਹੈ ਜਿਸ ਨੂੰ ਕੋਈ ਵੀ ਬੜੀ ਆਸਾਨੀ ਨਾਲ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰ ਸਕਦਾ ਹੈ। ਇਸ ਤੋਂ ਇਲਾਵਾ ਹਰੀ ਮਿਰਚ ਵਿਟਾਮਿਨ ਏ, ਸੀ, ਕੇ ਅਤੇ ਫਾਈਟੋਨਯੂਟਰੀਐਂਟਸ ਸਮੇਤ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਇੱਕ ਬਹੁਤ ਵੱਡੀ ਸਰੋਤ ਹੈ। ਹਰੀ ਮਿਰਚ ਦੇ ਹੋਰ ਵੀ ਬਹੁਤ ਸਾਰੇ ਹੈਲਥ ਬੈਨੀਫਿਟਸ ਹਨ ਜਿਸ ਨੂੰ ਜਾਣ ਕੇ ਹਰ ਕੋਈ ਆਪਣੀ ਖ਼ੁਰਾਕ ‘ਚ ਇਸ ਨੂੰ ਸ਼ਾਮਿਲ ਕਰਨ ਲਈ ਤਿਆਰ ਹੋ ਜਾਵੇਗਾ। ਆਓ ਜਾਣਦੇ ਹਾਂ…
ਵਜ਼ਨ ਘਟਾਉਣ ‘ਚ ਵੀ ਹੈ ਬਹੁਤ ਲਾਭਕਾਰੀ –
ਜੇਕਰ ਤੁਸੀਂ ਵੀ ਆਪਣਾ ਵਜ਼ਨ ਘਟਾਉਣ ਬਾਰੇ ਸੋਚ ਰਹੇ ਹੋ ਤਾਂ ‘ਹਰੀ ਮਿਰਚਾਂ’ ਨੂੰ ਅੱਜ ਹੀ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰੋ ਕਿਉਂਕਿ ਇਸ ਵਿੱਚ ਕੈਲੋਰੀ ਬਹੁਤ ਘੱਟ ਮਾਤਰਾ ‘ਚ ਹੁੰਦੀ ਹੈ ਜੋ ਤੁਹਾਡੇ ਮੈਟਾਬੋਲਿਜ਼ਮ ਨੂੰ ਬਿਹਤਰ ਕਰਨ ਵਿੱਚ ਮਦਦ ਕਰਦੀ ਹੈ। ਮੈਟਾਬੋਲਿਜ਼ਮ ਉਹ ਪ੍ਰਕਿਰਿਆ ਹੈ ਜਿਸ ਵਿੱਚ ਖਾਣ ਵਾਲੇ ਭੋਜਨ ਨੂੰ ਸਾਡੇ ਸਰੀਰ ਨੂੰ ਪ੍ਰਫੁੱਲਿਤ ਹੋਣ ਲਈ ਲੋੜੀਂਦੀ ਊਰਜਾ ਵਿੱਚ ਬਦਲ ਦਿੱਤਾ ਜਾਂਦਾ ਹੈ। ਇਹ ਕੈਲੋਰੀ ਨੂੰ ਬਰਨ ਕਰਨ ਵਿੱਚ ਮਦਦ ਕਰਦਾ ਹੈ ਅਤੇ ਨਤੀਜੇ ਵਜੋਂ ਭਾਰ ਘਟਣ ‘ਚ ਮਦਦ ਮਿਲਦੀ ਹੈ।
ਦਿਲ ਨੂੰ ਰੱਖਦੀ ਹੈ ਸਿਹਤਮੰਦ –
ਇਸ ਵਿੱਚ ਬੀਟਾ-ਕੈਰੋਟੀਨ (beta-carotene) ਹੁੰਦਾ ਹੈ ਜੋ ਕਾਰਡੀਓਵੈਸਕੁਲਰ ਸਿਸਟਮ ਦੀ ਫ਼ੰਕਸ਼ਨਿੰਗ ਨੂੰ ਸਹੀ ਢੰਗ ਨਾਲ ਮੈਂਟੇਨ ਰੱਖਣ ਵਿੱਚ ਮਦਦ ਕਰਦਾ ਹੈ। ਇਹ ਬਲੱਡ ਕੋਲੈਸਟ੍ਰੋਲ ਅਤੇ ਟ੍ਰਾਈਗਲਾਈਸਰਾਈਡ ਲੈਵਲਜ਼ ਨੂੰ ਵੀ ਘਟਾਉਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੇ ਜੋਖਿਮਾਂ ਤੋਂ ਬਚਾਅ ਹੁੰਦਾ ਹੈ। ਨਤੀਜੇ ਵਜੋਂ ਇਸ ਦੀ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਤੋਂ ਵੀ ਬਚਾਅ ਹੁੰਦਾ ਹੈ।
ਜ਼ੁਕਾਮ ਵਿੱਚ ਵੀ ਹੈ ਫ਼ਾਇਦੇਮੰਦ –
ਹਰੀ ਮਿਰਚਾਂ ਵਿੱਚ ਕੈਪਸੈਸੀਨ ਹੁੰਦਾ ਹੈ ਜੋ ਕਿ ਝਿੱਲੀ ਦੇ ਜ਼ਰੀਏ ਖੂਨ ਦੇ ਪ੍ਰਵਾਹ ਨੂੰ ਉੱਤੇਜਿਤ ਕਰਦਾ ਹੈ ਅਤੇ ਮਯੂਕਸ ਸੀਕ੍ਰੇਸ਼ਨ ਨੂੰ ਪਤਲਾ ਕਰ ਦਿੰਦਾ ਹੈ। ਸਰਲ ਸ਼ਬਦਾਂ ਵਿੱਚ ਇਹ ਜ਼ੁਕਾਮ ਵਰਗੇ ਇਨਫੈਕਸ਼ਨਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਅਤੇ ਤੁਹਾਨੂੰ ਬਿਹਤਰ ਮਹਿਸੂਸ ਕਰਾਉਂਦਾ ਹੈ।
ਇਮਿਊਨਿਟੀ ਨੂੰ ਕਰਦੀ ਹੈ ‘ਬੂਸਟ’ –
ਮਜ਼ਬੂਤ ਇਮਿਊਨ ਸਿਸਟਮ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਕੁਦਰਤੀ ਇੰਗ੍ਰੀਡੀਐਂਟ ਦਾ ਇਸਤੇਮਾਲ ਜ਼ਰੂਰ ਕਰੋ ਤਾਂ ਜੋ ਤੁਹਾਡੇ ਸਰੀਰ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੋਂ ਸੁਰੱਖਿਆ ਮਿਲ ਸਕੇ। ਹਰੀ ਮਿਰਚਾਂ ਵਿੱਚ ਵਿਟਾਮਿਨ ਸੀ ਅਤੇ ਬੀਟਾ-ਕੈਰੋਟੀਨ ਦੀ ਮੌਜੂਦਗੀ ਇਮਿਊਨਿਟੀ ਨੂੰ ਵਧੇਰੇ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲੋਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਮਿਰਚਾਂ ਨੂੰ ਗਰਮੀ, ਰੌਸ਼ਨੀ ਅਤੇ ਹਵਾ ਤੋਂ ਬਚਾ ਕੇ ਡਾਰਕ ਅਤੇ ਠੰਡੀ ਜਗ੍ਹਾ ਵਿੱਚ ਸਟੋਰ ਕੀਤਾ ਜਾਵੇ ਤਾਂ ਜੋ ਇਸ ਵਿੱਚ ਮੌਜੂਦ ਵਿਟਾਮਿਨ ‘ਸੀ’ ਦੀ ਗੁਣਵੱਤਾ ਖ਼ਤਮ ਨਾ ਹੋ ਜਾਵੇ।
ਡਾਇਬਿਟੀਜ਼ ਨੂੰ ਕਰਦੀ ਹੈ ਕੰਟ੍ਰੋਲ –
ਸ਼ੂਗਰ ਇੱਕ ਪ੍ਰਚਲਿਤ ਬਿਮਾਰੀ ਹੈ ਅਤੇ ਦੁਨੀਆ ਭਰ ਦੇ ਲੱਖਾਂ ਲੋਕ ਇਸ ਨਾਲ ਪ੍ਰਭਾਵਿਤ ਹਨ। ਇਸ ਬਿਮਾਰੀ ਦੇ ਰੋਗੀ ਆਪਣੀ ਖ਼ੁਰਾਕ ਵਿੱਚ ਹਰੀ ਮਿਰਚ ਨੂੰ ਸ਼ਾਮਿਲ ਕਰ ਸਕਦੇ ਹਨ ਕਿਉਂਕਿ ਇਹ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਕਰਨ ਵਿੱਚ ਸਹਾਇਤਾ ਕਰਦੀ ਹੈ। ਹਾਲਾਂਕਿ ਸ਼ੂਗਰ ਦੀ ਦਵਾਈ ਦੇ ਨਾਲ-ਨਾਲ ਹਰੀ ਮਿਰਚ ਦੀ ਵਰਤੋਂ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਆਮ ਨਾਲੋਂ ਘੱਟ ਕਰਨ ਦਾ ਕਾਰਨ ਬਣ ਸਕਦੀ ਹੈ। ਇਸੀ ਲਈ ਸ਼ੂਗਰ ਰੋਗੀਆਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ।
ਹਰੀ ਮਿਰਚ ਦੇ ਸਾਈਡ ਇਫੈਕਟਸ –
ਹਰ ਚੀਜ਼ ਦੀ ਹੱਦ ਨਾਲੋਂ ਵੱਧ ਵਰਤੋਂ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ। ਹਰੀ ਮਿਰਚ ਦੇ ਸੰਦਰਭ ਵਿੱਚ ਵੀ ਅਜਿਹਾ ਹੀ ਹੈ ਇਸ ਦੇ ਬਹੁਤ ਸਾਰੇ ਫ਼ਾਇਦਿਆਂ ਦੇ ਨਾਲ-ਨਾਲ ਇਸ ਦੇ ਕੁੱਝ ਨੁਕਸਾਨ/ਸਾਈਡ ਇਫੈਕਟਸ ਵੀ ਹਨ ਜੋ ਸਾਨੂੰ ਧਿਆਨ ਵਿੱਚ ਰੱਖਣੇ ਚਾਹੀਦੇ ਹਨ। ਇਸ ਦੀ ਹੱਦ ਨਾਲੋਂ ਜ਼ਿਆਦਾ ਵਰਤੋਂ ਸਰੀਰ ਦੇ ਦਰਦ ਅਤੇ ਇਨਫ਼ਲਾਮੇਸ਼ਨ ਦਾ ਕਾਰਨ ਵੀ ਬਣ ਸਕਦੀ ਹੈ। ਇਸ ਦੇ ਨਾਲ ਹੀ ਕਈ ਲੋਕ ਜਿਨ੍ਹਾਂ ਨੂੰ ਪਾਚਨ ਪ੍ਰਣਾਲੀ ਨਾਲ ਸੰਬੰਧਿਤ ਸਮੱਸਿਆਵਾਂ ਰਹਿੰਦੀਆਂ ਹਨ ਉਨ੍ਹਾਂ ਨੂੰ ਵੀ ਇਸ ਦਾ ਇਸਤੇਮਾਲ ਆਪਣੇ ਸਰੀਰ ਦੇ ਅਨੁਸਾਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਦੀ-ਕਦੀ ਪੇਟ ਦਰਦ ਜਾਂ ਦਸਤ ਦੀ ਸਮੱਸਿਆ ਵੀ ਹੋ ਸਕਦੀ ਹੈ ਜਿਸ ਨਾਲ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਅਤੇ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ।
ਧਿਆਨ ਰੱਖਣ ਯੋਗ ਗੱਲਾਂ –
ਆਪਣੀ ਖ਼ੁਰਾਕ ਵਿੱਚ ਇਸ ਮਸਾਲੇਦਾਰ ਮਿਰਚ ਨੂੰ ਸ਼ਾਮਿਲ ਕਰਨਾ ਤੁਹਾਡੇ ਲਈ ਬੇਹੱਦ ਫ਼ਾਇਦੇਮੰਦ ਹੋ ਸਕਦਾ ਹੈ। ਹਾਲਾਂਕਿ ਜ਼ਿਆਦਾ ਖ਼ਪਤ ਕਰਨ ‘ਤੇ ਇਹ ਸਮੱਸਿਆ ਪੈਦਾ ਕਰ ਸਕਦੀ ਹੈ। ਤੁਸੀਂ ਇਸ ਨੂੰ ਸਹੀ ਮਾਤਰਾ ਅਤੇ ਆਪਣੇ ਸਰੀਰ ਦੇ ਅਨੁਸਾਰ ਖ਼ਾ ਸਕਦੇ ਹੋ ਤਾਂ ਜੋ ਤੁਹਾਨੂੰ ਇਸ ਦਾ ਨੁਕਸਾਨ ਨਹੀਂ ਬਲਕਿ ਫ਼ਾਇਦਾ ਮਿਲੇ। ਇਸ ਕਰਕੇ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਤੁਸੀਂ ਇਸ ਨੂੰ ਕਿੰਨੀ ਮਾਤਰਾ ਵਿੱਚ ਖਾ ਰਹੇ ਹੋ।