ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਚ ਹੱਲਾ ਬੋਲ
ਅਕਾਲੀ ਦਲ ਦੇ ਸੰਸਦ ਭਵਨ ਵੱਲ ਰੋਸ ਮਾਰਚ ਦੌਰਾਨ ਦਿੱਲੀ ਪੁਲਿਸ ਨੇ ਮਾਰਚ ਨੂੰ ਪਹਿਲੇ ਨਾਕੇ ਤੇ ਹੀ ਰੋਕ ਲਿਆ, ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਖੇਤੀਬਾੜੀ ਕਾਨੂੰਨਾਂ ਖਿਲਾਫ਼ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਦਿੱਲੀ ਪੁਲਿਸ ਨੂੰ ਗ੍ਰਿਫਤਾਰੀ ਦੇ ਦਿੱਤੀ ਹੈ। ਅਕਾਲੀ ਦਲ-ਬਸਪਾ ਦੇ 12 ਤੋਂ 15 ਆਗੂਆਂ ਨੇ ਗ੍ਰਿਫ਼ਤਾਰੀ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਲਈ ਕੇਂਦਰ ਸਰਕਾਰ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ, ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ।
ਸੁਖਬੀਰ ਬਾਦਲ ਨੇ ਹੌਕਾ ਦਿੱਤਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣਵਾ ਦਿਓ, ਭਾਵੇਂ ਸਾਡੀਆਂ ਗਰਦਨਾਂ ਵੱਡੀਆਂ ਜਾਣ ਪਰ ਅਸੀਂ ਸੂਬੇ ਵਿਚ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ।
ਕਾਂਗਰਸ ਅਤੇ ‘ਆਪ’ ‘ਤੇ ਵਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਕਿਸਾਨਾਂ ਨਾਲ ਧੋਖਾ ਕੀਤਾ, ਦੋਹਾਂ ਪਾਰਟੀਆਂ ਨੇ ਖੇਤੀ ਕਾਨੂੰਨਾਂ ਖਿਲਾਫ਼ ਵੋਟਿੰਗ ਦੌਰਾਨ ਸੰਸਦ ਵਿੱਚ ਹਾਜ਼ਰ ਨਾ ਹੋ ਕੇ ਕੇਂਦਰ ਸਰਕਾਰ ਦੀ ਮਦਦ ਕੀਤੀ।ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ, ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਮਾਰਚ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਅੜਚਨਾਂ ਖੜੀਆਂ ਕੀਤੀਆਂ, ਰਸਤੇ ਵਿੱਚ ਅਕਾਲੀ ਵਰਕਰਾਂ ਨੂੰ ਰੋਕਿਆ ਗਿਆ, ਪਰ ਫਿਰ ਵੀ ਅਕਾਲੀ ਵਰਕਰਾਂ ਦੇ ਜੋਸ਼ ਅੱਗੇ ਇਹ ਸਾਰੀਆਂ ਔਕੜਾਂ ਬੌਣੀਆਂ ਸਾਬਤ ਹੋਈਆਂ ਹਨ।