ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਜ਼ਬਰਦਸਤ ਭੁਚਾਲ ਆਇਆ ਜਿਸਦੀ ਤੀਬਰਰਤਾ ਰੈਕਟਰ ਪੈਮਾਨੇ ‘ਤੇ 6.0 ਤੋਂ 6.2 ਤੱਕ ਨਾਪੀ ਗਈ ਹੈ। ਭੁਚਾਲ ਦੇ ਝਟਕੇ ਮੈਲਬੌਰਨ, ਕੈਨਬਰਾ, ਐਡੀਲੇਡ ਅਤੇ ਲੌਂਸੇਸਟਨ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕਿਆਂ ਤੋਂ ਬਾਅਦ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।ਵਿਕਟੋਰੀਆ ਦੇ ਵਿੱਚ ਭੁਚਾਲ ਦੇ ਝਟਕੇ ਮੈਲਬੌਰਨ ਤੋਂ 190 ਕਿਲੋਮੀਟਰ ਦੂਰ ਐਲਪਾਈਨ ਤੱਕ ਮਹਿਸੂਸ ਕੀਤੇ ਗਏ।
ਜੀਓਸਾਇੰਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਭੂਚਾਲ ਦਾ ਵਿਕਟੋਰੀਆ ਦੇ ਉੱਤਰ-ਪੂਰਬ ਵਿੱਚ ਮੈਨਸਫੀਲਡ ਦੇ ਦੱਖਣ-ਪੂਰਬ ਵਿੱਚ ਸਵੇਰੇ 9:15 ਵਜੇ ਦੇ ਕਰੀਬ ਪਤਾ ਲੱਗਾ ਅਤੇ ਇਹ 10 ਕਿਲੋਮੀਟਰ ਡੂੰਘਾ ਸੀ। ਮਹਿਸੂਸ ਕੀਤੇ ਜਾਣ ਤੋਂ ਬਾਅਦ ਨੁਕਸਾਨੀਆਂ ਗਈਆਂ ਇਮਾਰਤਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਉੱਤਰ-ਪੂਰਬੀ ਵਿਕਟੋਰੀਆ ਵਿੱਚ 6.0 ਦੀ ਤੀਬਰਤਾ ਵਾਲਾ ਭੂਚਾਲ ਆਇਆ ਜਦਕਿ ਭੂਚਾਲ ਦੇ ਝਟਕੇ ਹੋਰਨਾਂ ਰਾਜਾਂ ਨਿਊ ਸਾਊਥ ਵੇਲਜ਼, ਏ ਸੀ ਟੀ, ਆਸੂਥ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਵਿੱਚ ਵੀ ਮਹਿਸੂਸ ਕੀਤੇ ਗਏ। ਕਈ ਅਪਾਰਟਮੈਂਟ ਇਮਾਰਤਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਵਲੋਂ ਨੁਕਸਾਨੀਆਂ ਗਈਆਂ ਬਿਲਡਿੰਗਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਜਾ ਰਿਹਾ ਹੈ।
ਜੀਓਸਾਇੰਸ ਆਸਟ੍ਰੇਲੀਆ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ ਅੱਜ ਆਇਆ ਭੁਚਾਲ 1997 ਤੋਂ ਬਾਅਦ ਆਸਟ੍ਰੇਲੀਆ ਵਿੱਚ ਸਭ ਤੋਂ ਵੱਡਾ ਭੂਚਾਲ ਹੈ। ਪਿਛਲੀ ਵਾਰ ਵਿਕਟੋਰੀਆ ਨੇ ਅਜਿਹਾ ਭੁਚਾਲ 2009 ਵਿੱਚ ਮਹਿਸੂਸ ਕੀਤਾ ਸੀ ਜਦੋਂ 5.5 ਤੀਬਰਤਾ ਦਾ ਭੂਚਾਲ ਆਇਆ ਸੀ। 2019 ਵਿੱਚ ਨਿਊ ਸਾਊਥ ਵੇਲਜ਼ ਦੇ ਵਿੱਚ ਬਰੂਮ ਦੇ ਨੇੜੇ ਇੱਕ ਵੱਡਾ 6.1-6.2 ਦੀ ਤੀਬਰਤਾ ਵਾਲਾ ਭੁਚਾਲ ਆਇਆ ਸੀ।