ਵਿਸ਼ਵ ਪੱਧਰ ‘ਤੇ ਬਜ਼ੁਰਗਾਂ ਲਈ ਕੋਈ ਦਿਨ ਮਨਾਉਣ ਦੀ ਗੱਲ ਸੰਨ 1990 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਵਿੱਚ 14 ਦਸੰਬਰ ਨੂੰ ਚੱਲੀ ਸੀ ਤੇ ਸਰਬਸੰਮਤੀ ਨਾਲ ਮਤਾ ਪ੍ਰਵਾਨ ਕੀਤਾ ਗਿਆ ਸੀ ਕਿ ਦੁਨੀਆਂ ਭਰ ਦੇ ਬਜ਼ੁਰਗਾਂ ਦੇ ਸਤਿਕਾਰ ਵਿੱਚ ਹਰ ਸਾਲ 1 ਅਕਤੂਬਰ ਦੇ ਦਿਨ ‘ ਕੌਮਾਂਤਰੀ ਬਜ਼ੁਰਗ ਦਿਵਸ’ ਮਨਾਇਆ ਜਾਵੇਗਾ ਤੇ ਇਹ ਦਿਨ ਮਨਾਏ ਜਾਣ ਦੀ ਸ਼ੁਰੂਆਤ ਸੰਨ 1991 ਵਿੱਚ ਹੋਈ ਸੀ ਜਦੋਂ ਦੁਨੀਆਂ ਭਰ ਵਿੱਚ ਸਭ ਤੋਂ ਪਹਿਲਾ ‘ ਕੌਮਾਂਤਰੀ ਬਜ਼ੁਰਗ ਦਿਵਸ ’ ਮਨਾਇਆ ਗਿਆ ਸੀ। ਅਸਲ ਵਿੱਚ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਇਸ ਦਿਨ ਮੌਕੇ ਬਜ਼ੁਰਗਾਂ ਨੂੰ ਦਰਪੇਸ਼ ਮੁਸਕਿਲਾਂ ਤੇ ਸਮੱਸਿਆਵਾਂ ਪ੍ਰਤੀ ਲੋਕਾਂ ਦਾ ਧਿਆਨ ਦੁਆਉਣਾ ਅਤੇ ਬਜ਼ੁਰਗਾਂ ਵੱਲੋਂ ਜੀਵਨ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਸਮਾਜ ਜਾਂ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਸਲਾਮ ਕਰਨਾ ਹੈ। ਸੰਯੁਕਤ ਰਾਸ਼ਟਰ ਸੰਘ ਇਹ ਮੰਨਦਾ ਹੈ ਕਿ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਸ ਦਿਨ ਆਪਣੇ ਘਰ, ਗਲੀ,ਮੁਹੱਲੇ ਜਾਂ ਕਿਸੇ ਬਿਰਧ ਆਸ਼ਰਮ ਵਿੱਚ ਮੌਜੂਦ ਕਿਸੇ ਬਜ਼ੁਰਗ ਨਾਲ ਸਮਾਂ ਬਿਤਾਇਆ ਜਾਵੇ,ਉਸਦੀਆਂ ਗੱਲਾਂ ਸੁਣੀਆਂ ਜਾਣ ਤੇ ਉਸਦੀਆਂ ਮਨਚਾਹੀਆਂ ਚੀਜ਼ਾਂ ਦੇ ਕੇ ਉਸਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਤੇ ਉਸਦਾ ਮਨ ਹਰ ਹਾਲ ਵਿੱਚ ਖ਼ੁਸ਼ ਕੀਤਾ ਜਾਵੇਬਜ਼ੁਰਗ ਹੋ ਚੁੱਕੇ ਵਿਅਕਤੀ ਦੀਆਂ ਅਸਲ ਵਿੱਚ ਕਈ ਪ੍ਰਕਾਰ ਦੀਆਂ ਸ਼ਰੀਰਕ,ਮਾਨਸਿਕ,ਭਾਵਨਾਤਮਕ ਜਾਂ ਆਰਥਿਕ ਪ੍ਰੇਸ਼ਾਨੀਆਂ ਹੁੰਦੀਆਂ ਹਨ। ਕੁਝ ਇੱਕ ਪੱਛਮੀ ਮੁਲਕਾਂ ਵਿੱਚ ਵੱਸਦੇ ਬਜ਼ੁਰਗਾਂ ਦਾ ਬੁਢਾਪਾ ਵਧੀਆ ਢੰਗ ਨਾਲ ਅਤੇ ਬਿਨਾ ਕਿਸੇ ਧੀ-ਪੁੱਤ ਦੀ ਮਦਦ ਦੇ ਬਿਤਾਉਣ ਦਾ ਜ਼ਿੰਮਾ ਸਰਕਾਰ ਦੇ ਸਿਰ ਹੈ ਤੇ ਹਰੇਕ ਬਜ਼ੁਰਗ ਨੂੰ ਲੋੜੀਂਦੀ ਹਰ ਮਦਦ ਸਰਕਾਰੀ ਤੌਰ ‘ਤੇ ਉਪਲਬਧ ਹੈ ਪਰ ਭਾਰਤ,ਪਾਕਿਸਤਾਨ,ਬੰਗਲਾਦੇਸ਼ ਜਾਂ ਹੋਰ ਏਸ਼ੀਆਈ ਅਤੇ ਅਫ਼ਰੀਕੀ ਮੁਲਕਾਂ ਵਿੱਚ ਗ਼ਰੀਬ ਤੇ ਬੇਸਹਾਰਾ ਬਜ਼ੁਰਗਾਂ ਦੀ ਹਾਲਤ ਕਾਫ਼ੀ ਮੰਦੀ ਤੇ ਤਰਸਯੋਗ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ ਹਰ ਰੋਜ਼ 1 ਲੱਖ 50 ਹਜ਼ਾਰ ਦੇ ਕਰੀਬ ਲੋਕ ਵੱਖ ਵੱਖ ਕਾਰਨਾਂ ਕਰਕੇ ਪ੍ਰਾਣ ਤਿਆਗਦੇ ਹਨ ਜਿਨ੍ਹਾ ਵਿੱਚੋਂ ਤਕਰੀਬਨ 1 ਲੱਖ ਵਿਅਕਤੀ ਭਾਵ 75 ਫ਼ੀਸਦੀ ਵਿਅਕਤੀ ਬੁਢਾਪੇ ਜਾਂ ਬੁਢਾਪੇ ਨਾਲ ਸਬੰਧਿਤ ਰੋਗਾਂ ਅਤੇ ਸਮੱਸਿਆਵਾਂ ਕਰਕੇ ਜਾਨ ਗੁਆਉਂਦੇ ਹਨ। ਉਦਯੋਗਿਕ ਮੁਲਕਾਂ ਵਿੱਚ ਤਾਂ ਕੁੱਲ ਮੌਤਾਂ ਵਿੱਚੋਂ ਬਜ਼ਰਗਾਂ ਦੀ ਮੌਤ ਦਾ ਅੰਕੜਾ 90 ਫ਼ੀਸਦੀ ਹੈ।
ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਉਂਜ ਤਾ ਸਟ੍ਰੋਕ ਕਿਸੇ ਵੀ ਉਮਰ ਵਿੱਚ ਮਨੁੱਖੀ ਸਰੀਰ ‘ਤੇ ਹਮਲਾ ਕਰ ਸਕਦਾ ਹੈ ਪਰ ਦੁਨੀਆਂ ਭਰ ਵਿੱਚ ਆਉਣ ਵਾਲੇ ਸਟ੍ਰੋਕ ਦੇ ਕੁੱਲ ਮਾਮਲਿਆਂ ਵਿੱਚੋਂ 95 ਫ਼ੀਸਦੀ ਸਟ੍ਰੋਕ 45 ਸਾਲ ਦੀ ਉਮਰ ਤੋਂ ਬਾਅਦ ਅਤੇ 67 ਫ਼ੀਸਦੀ ਸਟ੍ਰੋਕ 65 ਜਾਂ ਇਸ ਤੋਂ ਵੱਧ ਦੀ ਉਮਰ ਵਿੱਚ ਆਉਂਦੇ ਹਨ। ਸਾਲ 2011 ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ 6.2 ਮਿਲੀਅਨ ਭਾਵ ਕੁੱਲ ਮੌਤਾਂ ਵਿੱਚੋਂ 11 ਫ਼ੀਸਦੀ ਮੌਤਾਂ ਦਾ ਮੁੱਢਲਾ ਕਾਰਨ ‘ਸਟ੍ਰੋਕ’ ਹੀ ਸੀ। ਇੱਕ ਹੈਰਾਨੀਜਨਕ ਅੰਕੜਾ ਇਹ ਵੀ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਵਿੱਚੋਂ 59 ਤੋਂ ਲੈ ਕੇ 75 ਫ਼ੀਸਦੀ ਤੱਕ ਮਹਿਲਾਵਾਂ ਹੀ ਹੁੰਦੀਆਂ ਹਨ ਜੋ ਕਿ ਬਹੁਤ ਹੀ ਮਾਣ ਦੀ ਗੱਲ ਹੈ। ਇਹ ਤੱਥ ਵੀ ਪ੍ਰਸ਼ੰਸ਼ਾਯੋਗ ਪਾਇਆ ਗਿਆ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਅਮਲੇ ਵਿੱਚ ਸ਼ਾਮਿਲ ਮਹਿਲਾ ਕਰਮਚਾਰੀਆਂ ਨੇ ਪੁਰਸ਼ ਕਰਮਚਾਰੀਆਂ ਦੀ ਬਨਿਸਪਤ 50 ਫ਼ੀਸਦੀ ਵੱਧ ਸਮਾਂ ਬਜ਼ੁਰਗਾਂ ਦੀ ਸੇਵਾ ਜਾਂ ਦੇਖਭਾਲ ਵਿੱਚ ਬਿਤਾਇਆ ਸੀ।