ਕੋਲਕਾਤਾ ਨਾਈਟ ਰਾਈਡਰਜ਼ ਨੇ ਪਲੇਅ ਆਫ ਦੀ ਹੋੜ ਤੋਂ ਬਾਹਰ ਹੋ ਚੁੱਕੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਈ. ਪੀ. ਐੱਲ. ਮੁਕਾਬਲੇ ‘ਚ ਐਤਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਪਲੇਅ ਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਕੋਲਕਾਤਾ ਨੇ ਹੈਦਰਾਬਾਦ ਨੂੰ 20 ਓਵਰਾਂ ਵਿਚ 8 ਵਿਕਟਾਂ ‘ਤੇ 115 ਦੌੜਾਂ ‘ਤੇ ਰੋਕ ਦਿੱਤਾ ਅਤੇ 19.4 ਓਵਰਾਂ ਵਿਚ ਚਾਰ ਵਿਕਟਾਂ ‘ਤੇ 119 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਸਨਰਾਈਜ਼ਰਜ਼ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਹੌਲੀ ਅਤੇ ਮੁਸ਼ਕਿਲ ਪਿੱਚ ‘ਤੇ ਸਲਾਮੀ ਬੱਲੇਬਾਜ਼ ਗਿੱਲ ਨੇ 51 ਗੇਂਦਾਂ ‘ਚ 10 ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਜੋ ਮੈਚ ਦਾ ਟਾਪ ਸਕੋਰ ਵੀ ਸੀ। ਜਿੱਤ ਦੇ ਸੂਤਰਧਾਰ ਹਾਲਾਂਕਿ ਕੇ. ਕੇ. ਆਰ. ਦੇ ਗੇਂਦਬਾਜ਼ ਖਾਸਕਰ ਸਪਿਨਰ ਸੁਨੀਲ ਨਰਾਇਣ, ਸ਼ਾਕਿਬ ਅਲ ਹਸਨ ਤੇ ਵਰੁਣ ਚੱਕਰਵਤੀ ਰਹੇ, ਜਿਨ੍ਹਾਂ ਨੇ ਵਿਚ ਦੇ 12 ਓਵਰਾਂ ਵਿਚ ਸਿਰਫ 58 ਦੌੜਾਂ ਦਿੱਤੀਆਂ ਅਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਜਿੱਤ ਤੋਂ ਬਾਅਦ ਕੇ. ਕੇ. ਆਰ. ਦੇ ਹੁਣ 13 ਮੈਚਾਂ ਵਿਚ 12 ਅੰਕ ਹਨ। ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਪਲੇਅ ਆਫ ਦੇ ਲਈ ਕੁਆਲੀਫਾਈ ਕਰ ਚੁੱਕੀ ਹੈ। ਕੇ. ਕੇ. ਆਰ. ਚੌਥੇ ਸਥਾਨ ‘ਤੇ ਹੈ ਜਦਕਿ ਪੰਜਾਬ ਦੇ 13 ਮੈਚਾਂ ਵਿਚ ਅਤੇ ਰਾਜਸਥਾਨ ਰਾਇਲਜ਼ ਤੇ ਮੁੰਬਈ ਇੰਡੀਅਨਜ਼ ਦੇ 12 ਮੈਚਾਂ ਵਿਚ 10-10 ਅੰਕ ਹਨ। ਕੇ. ਕੇ. ਆਰ. ਦਾ ਨੈੱਟ ਰਨਰੇਟ ਇਨ੍ਹਾਂ ਤਿੰਨਾਂ ਨਾਲੋ ਬਿਹਤਰ ਹੈ।
ਜਿੱਤ ਦੇ ਲਈ ਆਸਾਨ ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ ਚਾਰ ਵਿਕਟ ਗੁਆਏ। ਗਿੱਲ ਨੂੰ ਸਿਧਾਰਥ ਕੌਲ ਨੇ ਜੈਸਨ ਹੋਲਡਰ ਦੇ ਹੱਥੋਂ ਕੈਚ ਕਰਵਾਇਆ। ਵੈਕਂਟੇਸ਼ ਅਈਅਰ (8), ਰਾਹੁਲ ਤ੍ਰਿਪਾਠੀ (7) ਟਿਕ ਨਹੀਂ ਸਕੇ। ਨਿਤੀਸ਼ ਰਾਣਾ ਨੇ 25 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਹੋਲਡਰ ਦਾ ਦੂਜਾ ਸ਼ਿਕਾਰ ਬਣੇ। ਦਿਨੇਸ਼ ਕਾਰਤਿਕ (ਅਜੇਤੂ 18) ਅਤੇ ਕਪਤਾਨ ਇਯੋਨ ਮੋਰਗਾਨ (ਅਜੇਤੂ 2) ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਕੋਲਕਾਤਾ ਨਾਈਟ ਰਾਈਡਰਜ਼ : ਸ਼ੁੱਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਇਓਨ ਮੋਰਗਨ (ਕਪਤਾਨ), ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਟਿਮ ਸੇਫਰਟ/ਸ਼ਾਕਿਬ ਅਲ ਹਸਨ, ਸੁਨੀਲ ਨਰਾਇਣ, ਸ਼ਿਵਮ ਮਾਵੀ, ਟਿਮ ਸਾਊਥੀ, ਵਰੁਣ ਚੱਕਰਵਰਤੀ।
ਸਨਰਾਈਜ਼ਰਜ਼ ਹੈਦਰਾਬਾਦ : ਜੇਸਨ ਰਾਏ, ਰਿਧੀਮਾਨ ਸਾਹਾ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਪ੍ਰਿਅਮ ਗਰਗ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖ਼ਾਨ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਸੰਦੀਪ ਸ਼ਰਮਾ।