ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੱਜ ਉਸ ਵੇਲੇ ਪੰਜਾਬ ਦੇ ਰਾਜਪਾਲ ਸਰਕਾਰੀ ਨਿਵਾਸ ਤੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਲਖੀਮਪੁਰ ਖੀਰੀ ਹਿੰਸਾ ਮਾਮਲੇ ਖ਼ਿਲਾਫ਼ ਰੋਸ ਵਿਖਾਵਾ ਕਰਨ ਪਹੁੰਚੇ ਸਨ।ਨਵਜੋਤ ਸਿੰਘ ਸਿੱਧੂ ਨੇ ਬਿਨਾਂ ਐਲਾਨ ਕੀਤੇ ਹੀ ਅਚਾਨਕ ਗਵਰਨਰ ਹਾਊਸ ਦੇ ਬਾਹਰ ਧਰਨਾ ਮਾਰ ਦਿੱਤਾ। ਉਨ੍ਹਾਂ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਮਦਨ ਲਾਲ ਜਲਾਲਪੁਰ, ਗੁਰਪ੍ਰੀਤ ਸਿੰਘ ਕਾਂਗੜ, ਫਤਹਿਜੰਗ ਸਿੰਘ ਬਾਜਵਾ ਅਤੇ ਸੌ ਦੇ ਕਰੀਬ ਹੋਰ ਵਰਕਰ ਸ਼ਾਮਲ ਸਨ । ਸਿੱਧੂ ਧਰਨਾ ਮਾਰਕੇ ਮੁੱਖ ਗੇਟ ਦੇ ਸਾਹਮਣੇ ਬੈਠ ਗਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਖੁਦ ਹੀ ਨਾਅਰੇ ਲਗਾਉਂਦੇ ਰਹੇ । ਸਿੱਧੂ ਦੇ ਇਸ ਐਕਸ਼ਨ ਤੋਂ ਚੰਡੀਗੜ੍ਹ ਪੁਲੀਸ ਨੂੰ ਅਚਾਨਕ ਹੱਥਾਂ ਪੈਰਾਂ ਦੀਆਂ ਪੈ ਗਈਆਂ । ਫਿਰ ਪੁਲੀਸ ਅਧਿਕਾਰੀਆਂ ਨੇ ਹਰਕਤ ਵਿੱਚ ਆਉਂਦਿਆਂ ਵਾਟਰ ਕੈਨਨ ਅਤੇ ਵੱਡੀ ਪੱਧਰ ‘ਤੇ ਪੁਲਸ ਫੋਰਸ ਬੁਲਾ ਲਈ । ਤਕਰੀਬਨ ਪੌਣੇ ਘੰਟੇ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਜਦੋਂ ਸਿੱਧੂ ਦਾ ਧਰਨਾ ਚੱਲ ਰਿਹਾ ਸੀ ਤਾਂ ਸਿੱਧੂ ਦੇ ਮੀਡੀਆ ਵਿੰਗ ਨਾਲ ਸਬੰਧਤ ਕੁਝ ਨੌਜਵਾਨਾਂ ਨੇ ਡਰੋਨ ਰਾਹੀਂ ਉਸ ਦੀ ਕਵਰੇਜ ਕਰਨੀ ਸ਼ੁਰੂ ਕਰ ਦਿੱਤੀ ਪਰ ਪੁਲਸ ਡਰੋਨ ਦੇਖ ਕੇ ਹੈਰਾਨ ਰਹਿ ਗਈ। ਪੁਲੀਸ ਨੇ ਮੌਕੇ ‘ਤੇ ਡਰੋਨ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਕਿਹਾ ਕਿ ਇਸ ਥਾਂ ‘ਤੇ ਡਰੋਨ ਚਲਾਉਣ ਦੀ ਇਜਾਜ਼ਤ ਨਹੀਂ। ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੱਠੀ ਰਵੱਈਏ ਕਾਰਨ ਨਿੱਤ ਦਿਨ ਕਿਸਾਨਾਂ ਨੂੰ ਸ਼ਹਾਦਤਾਂ ਦੇ ਜਾਮ ਪੀਣੇ ਪੈ ਰਹੇ ਹਨ । ਜੇਕਰ ਹੁਣ ਵੀ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ ਤਾਂ ਉਹ ਤਿੰਨੇ ਖੇਤੀ ਕਾਨੂੰਨ ਰੱਦ ਕਰ ਦੇਵੇ ।