ਲੰਡਨ ਤੋਂ ਕੋਚੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ 5 ਅਕਤੂਬਰ ਨੂੰ ਫਰੈਂਕਫਰਟ ਡਾਇਵਰਟ ਕੀਤਾ ਗਿਆ ਸੀ। ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਫਲਾਈਟ ‘ਚ ਇਕ ਮਹਿਲਾ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ। ਦੱਸਿਆ ਜਾ ਰਿਹਾ ਕਿ ਲੰਡਨ ਤੋਂ ਦੁਪਹਿਰ 1.21 ਮਿੰਟ ‘ਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਮਹਿਲਾ ਦੇ ਪੀੜ ਹੋਣ ਲੱਗੀ। ਕਿਸਮਤ ਨਾਲ ਫਲਾਈਟ ‘ਚ ਦੋ ਡਾਕਟਰ ਤੇ ਚਾਰ ਨਰਸਾਂ ਸਨ। ਕੈਬਿਨ ਕ੍ਰੂ ਦੀ ਮਦਦ ਨਾਲ ਮਹਿਲਾ ਨੂੰ ਬੱਚੇ ਨੂੰ ਜਨਮ ਦੇਣ ‘ਚ ਮਦਦ ਮਿਲੀ। ਇਕ ਰਿਪੋਰਟ ਮੁਤਾਕ ਡਿਲੀਵਰੀ ਸਮੇਂ ਜਹਾਜ਼ ਕਾਲਾ ਸਾਗਰ ਦੇ ਉੱਪਰ ਉਡਾਣ ਭਰ ਰਿਹਾ ਸੀ।ਇਸ ਤੋਂ ਤੁਰੰਤ ਬਾਅਦ ਮਹਿਲਾ ਤੇ ਬੱਚੇ ਨੂੰ ਮੈਡੀਕਲ ਸਹਾਇਤਾ ਲਈ ਨੇੜੇ ਦੇ ਹਵਾਈ ਅੱਡੇ ਫਰੈਂਕਫਰਟ ਲਈ ਡਾਇਵਰਟ ਕੀਤਾ ਗਿਆ। ਏਅਰ ਇੰਡੀਆ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਮਹਿਲਾ ਦੀ ਡਿਲੀਵਰੀ ‘ਚ ਦੋ ਡਾਕਟਰਾਂ ਤੇ ਚਾਰ ਨਰਸਾਂ ਨੇ ਮਦਦ ਕੀਤੀ ਸੀ। ਉਡਾਣ ਦੌਰਾਨ ਹੋਈ ਇਸ ਡਿਲੀਵਰੀ ‘ਚ ਸਾਰੇ ਔਨਬੋਰਡ ਉਪਕਰਣ ਮੁੱਢਲੀ ਮੈਡੀਕਲ ਸਹਾਇਤਾ ਤੇ ਮੈਡੀਕਲ ਕਿੱਟ ਦੀ ਤਰ੍ਹਾਂ ਇਸਤੇਮਾਲ ਕੀਤੇ ਗਏ।
ਅੱਗੇ ਦੱਸਿਆ ਗਿਆ ਕਿ ਮਹਿਲਾ ਸੱਤ ਮਹੀਨੇ ਦੀ ਗਰਭਵਤੀ ਸੀ। ਜਿਸ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ। ਫਰੈਂਕਫਰਟ ਏਅਰਪੋਰਟ ਤੇ ਮਹਿਲਾ, ਨਵਜਨਮਿਆ ਬੱਚਾ ਤੇ ਉਨ੍ਹਾਂ ਨਾਲ ਯਾਤਰਾ ਕਰਨ ਵਾਲਾ ਇਕ ਵਿਅਕਤੀ ਉੱਤਰ ਗਿਆ। ਫਲਾਈਟ ਭਾਰਤੀ ਸਮੇਂ ਮੁਤਾਬਕ ਰਾਤ 11 ਵਜੇ ਫਰੈਂਕਫਰਟ ਉੱਤਰੀ। ਇਸ ‘ਚ 210 ਤੋਂ ਜ਼ਿਆਦਾ ਯਾਤਰੀ ਸਵਾਰ ਸਨ। ਜਿੰਨ੍ਹਾਂ ‘ਚੋਂ 193 ਇਕੋਨੌਮੀ ਤੇ 11 ਬਿਜ਼ਨਸ ਕਲਾਸ ਯਾਤਰੀ ਸਨ।