ਮੈਂ ਅਜੇ ਨਿਊਜ਼ੀਲੈਂਡ ਵਿੱਚ ਓਵਰਸਟੇ ਹੀ ਸੀ l ਓਵਰਸਟੇ ਹੁੰਦਿਆਂ ਜਿੰਦਗੀ ਬਹੁਤ ਔਖੀ ਹੁੰਦੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਔਖਾ ਹੋ ਜਾਂਦਾ ਹੈ l ਵਰਕ ਪਰਮਿਟ ਨਾ ਹੋਣ ਕਰਕੇ ਬਹੁਤੇ ਲੋਕ ਕੰਮ ਤੇ ਨਹੀਂ ਰੱਖਦੇ l ਹਰ ਵਕਤ ਇਮੀਗ੍ਰੇਸ਼ਨ ਦੇ ਛਾਪੇ ਦਾ ਡਰ ਹੁੰਦਾ ਹੈ l ਪਿੱਛੇ ਜੋ ਕਰਜ਼ਾ ਬਹੁਤਿਆਂ ਦੇ ਮਾਪਿਆਂ ਨੇ ਨਿਊਜ਼ੀਲੈਂਡ ਭੇਜਣ ਵਾਸਤੇ ਚੁੱਕਿਆ ਹੁੰਦਾ ਹੈ ਉਸ ਨੂੰ ਉਤਾਰਨ ਦਾ ਫਿਕਰ ਰਹਿੰਦਾ ਹੈ ਜਿਸ ਦਾ ਵਿਆਜ਼ ਪੈ ਪੈ ਕੇ ਉਹ ਵੀ ਖਾਦ ਪਾਈ ਫਸਲ ਵਾਂਗ ਹਰ ਰੋਜ਼ ਹੀ ਵਧਦਾ ਜਾਂਦਾ ਹੈ l ਕਈ ਵਾਰ ਰਾਤ ਨੂੰ ਖੜ੍ਹਾਕਾ ਵੀ ਹੁੰਦਾ ਹੈ ਤਾਂ ਓਵਰਸਟੇ ਵਿਅਕਤੀ ਨੂੰ ਲਗਦਾ ਹੈ ਕਿ ਇਮੀਗ੍ਰੇਸ਼ਨ ਆ ਗਈ ਹੈ l ਖੜ੍ਹਾਕੇ ਦੇ ਨਾਲ ਹੀ ਉਸ ਨੂੰ ਦਿੱਲੀ ਵਾਲਾ ਏਅਰਪੋਰਟ ਨਜ਼ਰ ਆਉਣ ਲੱਗ ਪੈਂਦਾ ਹੈ l ਫਿਰ ਉਹੀ ਦਫਤਰਾਂ ਵਾਲੇ ਬਾਬੂ ਨਜ਼ਰੀਂ ਪੈਣ ਲਗਦੇ ਹਨ ਜਿਨ੍ਹਾਂ ਅੱਗੇ ਕਈ ਕਈ ਘੰਟੇ ਕਤਾਰ ਲਗਾਉਣੀ ਪੈਂਦੀ ਸੀ ਅਤੇ ਬਾਬੂ ਅੱਗੇ ਬੈਠਾ ਚਾਹ ਹੀ ਪੀਂਦਾ ਰਹਿੰਦਾ ਸੀ, ਬਾਬੂ ਸੁਪਨੇ ਵਿੱਚੋਂ ਹਟਦਾ ਤਾਂ ਆੜ੍ਹਤੀਏ ਚੇਤੇ ਆ ਜਾਂਦੇ ਸਨ, ਉਹੀ ਸਾਇਕਲ ਚੇਤੇ ਆ ਜਾਂਦਾ ਸੀ ਜਿਸ ਦੀ ਵਾਰ ਵਾਰ ਚੈਨ ਲਹਿ ਜਾਂਦੀ ਸੀ ਅਤੇ ਉਸ ਤੋਂ ਬਾਦ ਉਹ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਯਾਦ ਆਉਂਦੇ ਸਨ ਜਿਨ੍ਹਾਂ ਉਸ ਉੱਪਰ ਕਈ ਕਈ ਆਸਾਂ ਰੱਖੀਆਂ ਹੋਈਆਂ ਹੁੰਦੀਆਂ ਸਨ l ਭਾਵ ਇੱਕ ਵਾਰ ਖੜ੍ਹਾਕਾ ਹੋਏ ਤੇ ਜਦੋਂ ਓਵਰਸਟੇ ਬੰਦੇ ਦੀ ਅੱਖ ਖੁਲ੍ਹ ਜਾਵੇ ਤਾਂ ਉਸ ਨੂੰ ਦੁਬਾਰਾ ਨੀਂਦ ਨਹੀਂ ਆਉਂਦੀ ਸੀ l ਉਹ ਇਸ ਤਰਾਂ ਦਾ ਦਰਦ ਝੱਲਦਾ ਹੈ ਕਿ ਜਿਸ ਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ l
ਇਸ ਤੋਂ ਇਲਾਵਾ ਵਿਅਕਤੀ ਦਾ ਆਪਣਾ ਸਮਾਜ ਉਸ ਨੂੰ ਮੇਹਣੇ ਮਾਰ ਮਾਰ ਤੰਗ ਕਰ ਦਿੰਦਾ ਹੈ l ਓਵਰਸਟੇ ਨੂੰ ਸਮਾਜ ਦਾ ਅੰਗ ਹੀ ਨਹੀਂ ਸਮਝਿਆ ਜਾਂਦਾ l ਧਾਰਮਿਕ ਅਸਥਾਨਾਂ ਵਿੱਚ ਵੀ ਬਟੂਏ ਦੇ ਹਿਸਾਬ ਨਾਲ ਹੀ ਕਦਰ ਹੁੰਦੀ ਹੈ l ਇਹ ਆਮ ਦੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਜਦੋਂ ਬਟੂਆ ਭਾਰਾ ਸੀ ਤਾਂ ਉਨ੍ਹਾਂ ਦੀ ਉਸ ਵੇਲੇ ਬੱਲੇ ਬੱਲੇ ਸੀ l ਉਸ ਦੇ ਨਾਮ ਮਗਰ ਵੀ ਜੀ ਲਗਦਾ ਹੁੰਦਾ ਸੀ ਅਤੇ ਨਾਮ ਦੇ ਸ਼ੁਰੂ ਵਿੱਚ ਵੀ ਖਾਸ ਵਿਸ਼ੇਸ਼ਣ ਲਗਦਾ ਹੁੰਦਾ ਸੀ l ਜਿਵੇੰ ਹੀ ਉਸ ਦੀ ਜੇਬ ਹਲਕੀ ਹੋਈ ਉਸ ਦੀ ਬੱਲੇ ਬੱਲੇ ਸਿਰਫ ਥੱਲੇ ਥੱਲੇ ਵਿੱਚ ਬਦਲ ਦਿੱਤੀ ਗਈ ਅਤੇ ਨਾਮ ਦੇ ਅੱਗਿਓਂ ਵਿਸ਼ੇਸ਼ਣ ਉਡਾ ਦਿੱਤਾ ਗਿਆ ਅਤੇ ਨਾਮ ਦੇ ਪਿੱਛਿਓਂ ਜੀ ਸ਼ਬਦ ਗਾਇਬ ਹੋ ਗਿਆ l ਫਿਰ ਉਸ ਦੀ ਜਗ੍ਹਾ ਕੋਈ ਨਵਾਂ ਆ ਗਿਆ ਤਾਂ ਉਹੀ ਵਿਸ਼ੇਸ਼ਣ ਉਸ ਨਵੇਂ ਨਾਮ ਅੱਗੇ ਲੱਗਿਆ ਅਤੇ ਪਿੱਛੇ ਜੀ ਲੱਗਿਆ l
ਓਵਰਸਟੇ ਹੁੰਦਿਆਂ ਜੇ ਕਿਸੇ ਪੱਕੇ ਵਿਅਕਤੀ ਨੂੰ ਦੱਸਣਾ ਕਿ ਤੁਹਾਡੇ ਘਰਦਿਆਂ ਨੂੰ ਤਾਂ ਚੰਗੀ ਤਰਾਂ ਜਾਣਦੇ ਹਾਂ ਤਾਂ ਉਹ ਵਿਅਕਤੀ ਇਹ ਕਹਿ ਕੇ ਖਹਿੜ੍ਹਾ ਛੁਡਾ ਲੈਂਦਾ ਕਿ ਮੈਨੂੰ ਤਾਂ ਨਹੀਂ ਪਤਾ l ਉਸ ਨੂੰ ਡਰ ਹੁੰਦਾ ਕਿ ਓਵਰਸਟੇ ਕਿਤੇ ਕੁੱਝ ਮੰਗ ਹੀ ਨਾ ਲਵੇ ਕਿਉਂਕਿ ਓਵਰਸਟੇ ਨੂੰ ਕਈ ਵਾਰ ਇਮੀਗ੍ਰੇਸ਼ਨ ਲਈ ਕਾਗਜ਼ ਪੱਤਰ ਦੀ ਲੋੜ ਪੈ ਜਾਂਦੀ ਹੈ l ਜਦੋਂ ਹੀ ਪੱਕੇ ਹੋਏ ਤਾਂ ਖਾਣਿਆਂ ਦੀਆਂ ਦਾਵਤਾਂ ਆਉਣ ਲੱਗੀਆਂ l ਬੜੀ ਵਾਰ ਸੋਚਿਆ ਕਿ ਪਾਸਪੋਰਟ ਤੇ ਲੱਗੀ ਮੋਹਰ ਵੀ ਕੀ ਚੀਜ਼ ਹੈ ਜੋ ਇਨਸਾਨਾਂ ਦੇ ਰੰਗ ਬਦਲ ਦਿੰਦੀ ਹੈ?
ਓਵਰਸਟੇ ਹੁੰਦਿਆਂ ਮੈਨੂੰ ਕੀਵੀਫਰੂਟ ਦੇ ਕੰਮ ਦਾ ਕਾਫੀ ਤਜਰਬਾ ਸੀ l ਇੱਕ ਵਾਰ ਉਹ ਕੰਮ ਘਟ ਗਿਆ ਪਰ ਗੋਰਾ ਕਹਿੰਦਾ ਕਿ ਤੂੰ 40 ਘੰਟੇ ਹਫਤੇ ਦੇ ਕੰਮ ਕਰੀ ਜਾ l ਨਿਊਜ਼ੀਲੈਂਡ ਵਿੱਚ 40 ਘੰਟੇ ਨੂੰ ਫੁੱਲ ਟਾਈਮ ਨੌਕਰੀ ਮੰਨਿਆ ਜਾਂਦਾ ਹੈ ਪਰ ਮੇਰੇ ਲਈ ਬਹੁਤ ਘੱਟ ਸੀ ਕਿਉਂਕਿ ਮੈਂ ਲੰਬੇ ਘੰਟੇ ਕੰਮ ਕਰਨ ਦਾ ਆਦੀ ਸੀ l ਤਿੰਨ ਮੇਰੇ ਹੋਰ ਦੋਸਤ ਸਨ ਜੋ ਬੇਰੋਜ਼ਗਾਰ ਸਨ l ਅਸੀਂ ਐਸਪੈਰਾਗਸ (Asparagus) ਕੱਟਣ ਦਾ ਕੰਮ ਲੱਭ ਲਿਆ ਜੋ ਕਿ ਕਾਫੀ ਔਖਾ ਕੰਮ ਹੁੰਦਾ ਹੈ l ਸਾਰਾ ਦਿਨ ਕਦੇ ਸਿਧੇ ਹੋਵੋ ਅਤੇ ਕਦੇ ਕੋਡੇ ਹੋ ਕੇ ਕੰਮ ਕਰੋ l ਬਹੁਤੇ ਕਾਮਿਆਂ ਦੇ ਸ਼ਾਮ ਤੱਕ ਲੱਕ ਕਾਫੀ ਦੁਖਣ ਲੱਗ ਪੈਂਦੇ ਸਨ l ਮੈਂ ਸੋਚਿਆ ਕਿ ਚਾਰ ਜਣੇ ਇਕੱਠੇ ਕੰਮ ਤੇ ਜਾਂਦੇ ਹਾਂ ਜਿਸ ਨਾਲ ਕਾਰ ਦਾ ਖਰਚਾ ਘਟ ਜਾਵੇਗਾ l ਇੱਕ ਦਿਹਾੜੀ ਲਗਾ ਕੇ ਬਾਕੀ ਤਿੰਨ ਜਣੇ ਕੰਮ ਤੋਂ ਜਵਾਬ ਦੇ ਗਏ l ਕਹਿੰਦੇ ਸਾਡੇ ਤੋਂ ਐਨਾ ਔਖਾ ਕੰਮ ਨਹੀਂ ਹੋਣਾ l ਮੈਂ ਬਥੇਰਾ ਹੌਂਸਲਾ ਦਿੱਤਾ ਕਿ ਚਾਰ ਪੰਜ ਦਿਨ ਤਾਂ ਲਗਾ ਕੇ ਦੇਖੋ l ਉਹ ਤਿੰਨਾਂ ਨੇ ਪੈਰਾਂ ਤੇ ਭਾਰ ਨਹੀਂ ਲਿਆ l ਮੈਂ ਗੋਰੇ ਨੂੰ ਕਿਹਾ ਕਿ ਬਾਕੀ ਤਾਂ ਕੰਮ ਤੇ ਨਹੀਂ ਆਏ l ਹੁਣ ਮੈਂ ਇਕੱਲਾ ਹੀ ਕੰਮ ਕਰ ਲੈਂਦਾ ਹਾਂ l ਗੋਰਾ ਕਹਿੰਦਾ ਤੇਰੇ ਵਿੱਚ ਬੜਾ ਸਿਰੜ੍ਹ ਹੈ l ਤੇਰੇ ਸਾਥੀ ਸਾਰੇ ਜਵਾਬ ਦੇ ਗਏ ਪਰ ਤੂੰ ਇਕੱਲਾ ਹੀ ਡਟਣ ਵਾਸਤੇ ਤਿਆਰ ਹੈਂ l ਮੈਂ ਕਿਹਾ ਕਿ ਮੈਨੂੰ ਕੰਮ ਦੀ ਲੋੜ ਹੈ l ਉਹ ਗੋਰਾ ਕਹਿਣ ਲੱਗਾ ਕਿ ਤੂੰ ਖੇਤਾਂ ਵਿੱਚ ਕੰਮ ਨਾ ਕਰ l ਮੈਂ ਤੈਨੂੰ ਪੈਕਹਾਊਸ ਵਿੱਚ ਕੰਮ ਦੇ ਦਿੰਦਾ ਹਾਂ l
ਉਥੇ ਇੱਕ ਧਰਮ ਦੀਆਂ ਹੀ ਜਿਆਦਾ ਪੰਜਾਬੀ ਔਰਤਾਂ ਕੰਮ ਕਰਦੀਆਂ ਸਨ ਅਤੇ ਉਨ੍ਹਾਂ ਦੇ ਘਰ ਵਾਲੇ ਉਸੇ ਗੋਰੇ ਦੇ ਖੇਤਾਂ ਵਿੱਚ ਕੰਮ ਕਰਦੇ ਸਨ ਅਤੇ ਉਹ ਕੱਟੜ ਧਾਰਮਿਕ ਵਿਅਕਤੀ ਸਨ l ਉਹ ਔਰਤਾਂ ਅਤੇ ਉਨ੍ਹਾਂ ਦੇ ਘਰ ਵਾਲੇ ਗੋਰੇ ਦੇ ਕਈ ਸਾਲਾਂ ਤੋਂ ਕੰਮ ਕਰਦੇ ਸਨ ਅਤੇ ਗੋਰਾ ਉਨ੍ਹਾਂ ਨੂੰ 7 ਡਾਲਰ ਘੰਟੇ ਦੇ ਦਿੰਦਾ ਹੁੰਦਾ ਸੀ l ਗੋਰੇ ਨੇ ਮੈਨੂੰ ਵੀ 7 ਡਾਲਰ ਘੰਟੇ ਦੇ ਦੇਣ ਨੂੰ ਹੀ ਕਿਹਾ ਸੀ l ਗੋਰਾ, ਗੋਰੇ ਦੀ ਘਰ ਵਾਲੀ ਅਤੇ ਉਸ ਦੀਆਂ ਕੁੜੀਆਂ ਵੀ ਕੁੱਝ ਘੰਟੇ ਕੰਮ ਕਰਦੀਆਂ ਸਨ l ਮੈਂ ਗੋਰੇ ਨੂੰ ਕਿਹਾ ਕਿ ਮੈਨੂੰ ਇਸ ਕੰਮ ਦਾ ਨਹੀਂ ਪਤਾ l ਤੂੰ ਮੈਨੂੰ ਸਮਝਾ ਦੇ l ਉਸ ਨੇ ਕੰਮ ਸਮਝਾਇਆ l ਮੈਂ 12 ਘੰਟੇ ਗੋਰੇ ਨਾਲ ਕੰਮ ਕੀਤਾ ਅਤੇ ਮੇਰੀ ਰਫਤਾਰ ਗੋਰੇ ਨਾਲੋਂ ਵੀ ਵੱਧ ਸੀ l ਗੋਰਾ ਮੈਨੂੰ ਦੂਜੇ ਦਿਨ ਕਹਿਣ ਲੱਗਾ ਕਿ ਮੈਂ ਇਥੇ ਪੂਰਾ ਦਿਨ ਨਹੀਂ ਹੁੰਦਾ l ਮੈਂ ਤੈਨੂੰ ਸੁਪਰਵਾਈਜ਼ਰ ਦੀ ਜੌਬ ਦੇਣੀ ਹੈ l
ਮੈਂ ਗੋਰੇ ਨੂੰ ਕਿਹਾ ਕਿ ਜੋ ਮੇਰੇ ਤੋਂ ਪਹਿਲਾਂ ਪੰਜਾਬੀ ਔਰਤਾਂ ਕੰਮ ਕਰਦੀਆਂ ਹਨ ਤੂੰ ਇਹ ਜੌਬ ਉਨ੍ਹਾਂ ਨੂੰ ਦੇ ਦੇ ਕਿਉਂਕਿ ਉਨ੍ਹਾਂ ਨੂੰ ਮੇਰੇ ਨਾਲੋਂ ਵੱਧ ਤਜਰਬਾ ਹੈ l ਵੈਸੇ ਵੀ ਉਨ੍ਹਾਂ ਨੂੰ ਇਤਰਾਜ਼ਗੀ ਹੋਵੇਗੀ ਜੇਕਰ ਮੈਂ ਕੱਲ੍ਹ ਆ ਕੇ ਹੀ ਸੁਪਰਵਾਈਜ਼ਰ ਬਣ ਗਿਆ l ਗੋਰਾ ਕਹਿਣ ਲੱਗਾ ਕਿ ਤੂੰ ਹੀ ਇਸ ਜੌਬ ਦੇ ਕਾਬਲ ਹੈਂ l ਉਹ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਅਤੇ ਮੇਰੀਆਂ ਕੁੜੀਆਂ ਵੀ ਤੇਰੀ ਨਿਗਰਾਨੀ ਹੇਠ ਕੰਮ ਕਰਨਗੀਆਂ l ਮੇਰੀ ਹੈਰਾਨੀ ਵਧ ਗਈ ਕਿ ਇਸ ਨੇ ਮੇਰੇ ਵਿੱਚ ਕੀ ਗੁਣ ਦੇਖਿਆ? ਖੈਰ ਮੈਂ ਉਹ ਸੁਪਰਵਾਈਜ਼ਰ ਦੀ ਜੌਬ ਸ਼ੁਰੂ ਕਰ ਲਈ ਜਿਸ ਵਿੱਚ ਕੰਮ ਦੀ ਕੁਆਲਟੀ ਚੈੱਕ ਕਰਨੀ ਅਤੇ ਖੇਤਾਂ ਵਿੱਚੋਂ ਆਈ ਐਸਪੇਰਾਗਸ ਦਾ ਭਾਰ ਤੋਲਣਾ ਸ਼ਾਮਲ ਸੀ ਕਿਉਂਕਿ ਅਸਪੇਰਾਗਸ ਕੱਟਣ ਵਾਲਿਆਂ ਨੂੰ ਭਾਰ ਦੇ ਹਿਸਾਬ ਨਾਲ ਪੈਸੇ ਮਿਲਦੇ ਸਨ l ਗੋਰਾ ਮੈਨੂੰ ਹੁਣ 8 ਡਾਲਰ ਘੰਟੇ ਦੇ ਦਿੰਦਾ ਸੀ ਕਿਉਂਕਿ ਮੈਂ ਸੁਪਰਵਾਈਜ਼ਰ ਸੀ l
ਜਦੋਂ ਮੈਂ ਉਨ੍ਹਾਂ ਧਾਰਮਿਕ ਔਰਤਾਂ ਦੇ ਘਰ ਵਾਲਿਆਂ ਦੀ ਐਸਪੇਰਾਗਸ ਉਨ੍ਹਾਂ ਸਾਹਮਣੇ ਖੜ੍ਹੇ ਹੋ ਕੇ ਤੁਲਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਘਰ ਵਾਲਿਆਂ ਨੇ ਇਤਰਾਜ਼ਗੀ ਕੀਤੀ l ਮੈਨੂੰ ਕਹਿਣ ਲੱਗੇ ਕਿ ਤੂੰ ਕੱਲ੍ਹ ਆ ਕੇ ਸਾਡੇ ਤੇ ਬੌਸ ਬਣਿਆ ਫਿਰਦਾ ਹੈਂ l ਮੈਂ ਕਿਹਾ ਕਿ ਇਹ ਮੇਰੀ ਜੌਬ ਹੈ ਜੋ ਮਾਲਕ ਨੇ ਦਿੱਤੀ ਹੈ l ਮੈਨੂੰ ਕਹਿਣ ਲੱਗੇ ਕਿ ਤੂੰ ਸਾਡੇ ਅਤੇ ਗੋਰੇ ਵਿੱਚ ਨਾ ਆ l ਮੈਂ ਕਿਹਾ ਕਿ ਤੁਸੀਂ ਆਪਣੀ ਇਤਰਾਜ਼ਗੀ ਗੋਰੇ ਨੂੰ ਦੱਸ ਦਿਓ l ਉਹ ਮੈਨੂੰ ਹੋਰ ਕੰਮ ਦੇ ਦੇਵੇਗਾ l ਉਹ ਗੋਰੇ ਨੂੰ ਕਹਿਣ ਨੂੰ ਵੀ ਨਹੀਂ ਮੰਨੇ l
ਮੈਨੂੰ ਲੱਗਾ ਕਿ ਇਹ ਜਰੂਰ ਹੇਰਾ ਫੇਰੀ ਕਰਦੇ ਹੋਣਗੇ l ਇਨ੍ਹਾਂ ਨੂੰ ਹੁਣ ਡਰ ਹੈ ਕਿ ਉਹ ਹੇਰਾ ਫੇਰੀ ਬੰਦ ਹੋ ਜਾਣੀ ਹੈ l ਮੈਂ ਸੋਚਿਆ ਕਿ ਇਸ ਪੰਘੇ ਵਿੱਚੋਂ ਕੀ ਲੈਣਾ? ਮੈਂ ਗੋਰੇ ਨੂੰ ਕਿਹਾ ਕਿ ਤੇਰੇ ਕਾਮੇ ਇਤਰਾਜ਼ਗੀ ਕਰਦੇ ਹਨ l ਮੈਂ ਕੀਵੀਫਰੂਟ ਦਾ ਕੰਮ ਹੀ ਕਰ ਲੈਣਾ ਹੈ l ਗੋਰਾ ਕਹਿੰਦਾ ਤੂੰ ਕੰਮ ਕਰੀ ਜਾ l ਮੈਂ ਤੈਨੂੰ 9 ਡਾਲਰ ਘੰਟੇ ਦੇ ਦਿਆਂਗਾ l
ਮੈਂ ਗੋਰੇ ਨੂੰ ਪੁੱਛਿਆ ਕਿ ਦੂਸਰੀਆਂ ਧਾਰਮਿਕ ਔਰਤਾਂ ਅਤੇ ਉਨ੍ਹਾਂ ਦੇ ਪਤੀ ਕਈ ਸਾਲ ਤੋਂ ਤੇਰੇ ਕੰਮ ਕਰਦੇ ਹਨ l ਤੂੰ ਉਨ੍ਹਾਂ ਨੂੰ 7 ਡਾਲਰ ਕਿਉਂ ਦਿੰਦਾ ਹੈਂ? ਵੱਧ ਕਿਉਂ ਨਹੀਂ ਦਿੰਦਾ l ਮੈਂ ਗੋਰੇ ਨੂੰ ਕਿਹਾ ਕਿ ਮੈਨੂੰ 9 ਡਾਲਰ ਘੰਟੇ ਦੇ ਲੈ ਕੇ ਵੀ ਵਾਰਾ ਨਹੀਂ ਖਾਂਦੇ l ਮੈਂ ਇਕੱਲਾ ਕਾਰ ਵਿੱਚ ਆਉਂਦਾ ਹਾਂ ਅਤੇ ਕਾਰ ਦਾ ਖਰਚਾ ਵੱਧ ਹੁੰਦਾ ਹੈ l ਮੈਂ ਇਹ ਕਹਿ ਕੇ ਗੋਰੇ ਤੋਂ ਖਹਿੜ੍ਹਾ ਛੁਡਾਉਣਾ ਚਾਹੁੰਦਾ ਸੀ ਕਿ ਮੈਂ ਦੂਜੇ ਕਾਮਿਆਂ ਨੂੰ ਨਰਾਜ਼ ਕਿਉਂ ਕਰਨਾ? ਜਦੋਂ ਗੋਰੇ ਨੇ ਦੇਖਿਆ ਕਿ ਮੈਂ ਕੰਮ ਛੱਡਣ ਨੂੰ ਤਿਆਰ ਹਾਂ ਤਾਂ ਗੋਰਾ ਕਹਿੰਦਾ ਤੈਨੂੰ ਘੰਟੇ ਦੇ 10 ਡਾਲਰ ਦਿਆਂਗਾ l ਮੇਰੀ ਹੈਰਾਨੀ ਹੋਰ ਵਧ ਗਈ l
ਗੋਰੇ ਨੇ ਮੈਨੂੰ ਹੈਰਾਨ ਹੋਏ ਨੂੰ ਦੇਖ ਇੱਕ ਬੜੀ ਦਿਲਚਸਪ ਗੱਲ ਦੱਸੀ l ਕਹਿੰਦਾ ਇਨ੍ਹਾਂ ਕਾਮਿਆਂ ਨੇ ਮੈਨੂੰ ਕਦੇ ਵੀ ਨਹੀਂ ਕਿਹਾ ਕਿ ਸਾਨੂੰ ਵਾਰਾ ਨਹੀਂ ਖਾਂਦਾ l ਉਹ ਕਹਿਣ ਲੱਗਾ ਕਿ ਮੈਨੂੰ ਪਤਾ ਹੈ ਕਿ ਇਹ ਮੇਰੇ ਨਾਲ ਹੇਰਾ ਫੇਰੀ ਕਰਦੇ ਹਨ l ਇਸੇ ਕਰਕੇ ਇਹ ਤੇਰੇ ਨਾਲ ਇਤਰਾਜ਼ਗੀ ਕਰਦੇ ਹਨ l ਜੇਕਰ ਤੇਰੇ ਹੁੰਦਿਆਂ ਵੀ ਇਹ 10 ਪ੍ਰਤੀਸ਼ਤ ਜਾਂ 15 ਪ੍ਰਤੀਸ਼ਤ ਹੇਰਾ ਫੇਰੀ ਕਰਨ ਤਾਂ ਤੂੰ ਇਸ ਤਰਾਂ ਐਕਟਿੰਗ ਕਰਨੀ ਹੈ ਕਿ ਤੈਨੂੰ ਪਤਾ ਹੀ ਨਹੀਂ ਲੱਗਾ l ਇਹ ਸੁਣ ਮੇਰਾ ਮੂੰਹ ਅੱਡਿਆ ਰਹਿ ਗਿਆ l ਮੇਰੀ ਹੈਰਾਨੀ ਦੇਖ ਕੇ ਗੋਰਾ ਫਿਰ ਬੋਲਿਆ ਕਿ ਇਹ ਮੈਨੂੰ ਏਨੇ ਸਾਲਾਂ ਤੋਂ ਹੇਰਾ ਫੇਰੀ ਕਰਕੇ ਬੇਵਕੂਫ ਬਣਾ ਰਹੇ ਹਨ ਪਰ ਮੈਂ ਸਭ ਜਾਣਦਾ ਹਾਂ l ਇਹ ਮੇਰੇ ਨਾਲ 10 ਜਾਂ 15 ਪ੍ਰਤੀਸ਼ਤ ਹੇਰਾ ਫੇਰੀ ਕਰਦੇ ਹਨ l ਮੈਂ ਇਨ੍ਹਾਂ ਨੂੰ 30% ਦੇ ਕਰੀਬ ਪੈਸੇ ਘੱਟ ਦਿੰਦਾ ਹਾਂ l ਮੈਂ ਗੋਰੇ ਨੂੰ ਕਿਹਾ ਕਿ ਇਨ੍ਹਾਂ ਨੂੰ 30% ਫਾਲਤੂ ਦੇ ਦੇ ਤਾਂ ਕਿ ਇਹ ਵੀ ਹੇਰਾ ਫੇਰੀ ਨਾ ਕਰਨ l ਗੋਰਾ ਕਹਿੰਦਾ ਕਿ ਇਕ ਵਾਰ ਮੈਂ ਇੱਕ ਹੋਰ ਕੰਮ ਵਿੱਚ ਕੋਸ਼ਿਸ਼ ਕੀਤੀ ਸੀ ਵੱਧ ਪੈਸੇ ਦੇਣ ਦੀ ਪਰ ਇਨ੍ਹਾਂ ਫਿਰ ਵੀ ਹੇਰਾ ਫੇਰੀ ਬੰਦ ਨਹੀਂ ਕੀਤੀ ਸੀ l
ਗੋਰਾ ਕਹਿਣ ਲੱਗਾ ਕਿ ਜਿੰਨੀ ਵਾਰ ਤੂੰ ਮੈਨੂੰ ਕਿਹਾ ਕਿ ਕੰਮ ਵਾਰਾ ਨਹੀਂ ਖਾਂਦਾ ਤਾਂ ਮੈਨੂੰ ਪਤਾ ਲੱਗਾ ਕਿ ਤੂੰ ਹੇਰਾ ਫੇਰੀ ਨਹੀਂ ਕਰਨੀ l ਜਿੰਨੀ ਵਾਰ ਤੂੰ ਕਿਹਾ ਸੀ ਕਿ ਤੂੰ ਕੰਮ ਛੱਡ ਜਾਣਾ ਹੈ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਤੂੰ ਬੇਈਮਾਨਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦਾ l ਇਸੇ ਕਰਕੇ ਤੈਨੂੰ ਵਾਰਾ ਨਹੀਂ ਖਾਂਦਾ l ਤਾਂ ਹੀ ਮੈਂ ਤੈਨੂੰ ਹਰ ਵਾਰ ਵੱਧ ਪੈਸੇ ਦੇਣ ਨੂੰ ਮੰਨਦਾ ਸੀ l ਜਦ ਤੱਕ ਦੋ ਹਫਤੇ ਬੀਤੇ ਤਾਂ ਕੰਮ ਦੇਖ ਕੇ ਗੋਰੇ ਨੇ ਮੈਨੂੰ 11 ਡਾਲਰ ਘੰਟੇ ਦੇ ਦੇਣੇ ਸ਼ੁਰੂ ਕਰ ਦਿੱਤੇ l
ਗੋਰੇ ਨੇ ਇੱਕ ਹੋਰ ਦਿਲਚਸਪ ਗੱਲ ਦੱਸੀ l ਕਹਿੰਦਾ ਕਿ ਮੈਂ ਜਹਾਜਾਂ ਦੀ ਕੰਪਨੀ ਵਿੱਚ ਮੈਨੇਜਰ ਹੁੰਦਾ ਸੀ l ਮੇਰੇ ਥੱਲੇ 50 ਦੇ ਕਰੀਬ ਕਾਮੇ ਵੱਖ ਵੱਖ ਮੁਲਕਾਂ ਤੋਂ ਕੰਮ ਕਰਦੇ ਹੁੰਦੇ ਸੀ l ਮੈਨੂੰ ਉਨ੍ਹਾਂ ਸਾਰਿਆਂ ਦੀ ਹੇਰਾ ਫੇਰੀ ਦੇ ਢੰਗ ਪਤਾ ਹਨ ਕਿ ਕਿਹੜੇ ਮੁਲਕ ਦਾ ਬੰਦਾ ਕਿਵੇਂ ਹੇਰਾ ਫੇਰੀ ਕਰਦਾ ਹੈ?
ਜਦੋਂ ਮੈਂ ਉਨ੍ਹਾਂ ਦੀ ਐਸਪੈਰਾਗਸ ਦਾ ਭਾਰ ਤੋਲਦਾ ਸੀ ਤਾਂ ਉਨ੍ਹਾਂ ਅਚਾਨਕ ਹੇਰਾ ਫੇਰੀ ਕਰਨੀ ਬੰਦ ਕਰ ਦਿੱਤੀ l ਮੈਂ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇਨ੍ਹਾਂ ਦੀ 10% ਜਾਂ 15% ਹੇਰਾਫੇਰੀ ਨੂੰ ਵੀ ਅਣਗੌਲਿਆ ਕਰ ਦੇਣਾ ਸੀ ਪਰ ਇਨ੍ਹਾਂ ਤਾਂ ਹੇਰਾ ਫੇਰੀ ਹੀ ਬੰਦ ਕਰ ਦਿੱਤੀ l ਉਨ੍ਹਾਂ ਵਿੱਚ ਅਚਾਨਕ ਇਮਾਨਦਾਰੀ ਦੇਖ ਕੇ ਮੇਰਾ ਜੀਅ ਕਾਹਲਾ ਪੈਣ ਲੱਗਾ l ਮੈਂ ਹਰ ਵੇਲੇ ਸੋਚਦਾ ਸੀ ਕਿ ਮੈਂ ਇਨ੍ਹਾਂ ਨਾਲ ਕੋਈ ਸਖਤੀ ਵੀ ਨਹੀਂ ਕੀਤੀ l ਗੋਰੇ ਨੂੰ ਵੀ ਨਹੀਂ ਦੱਸਿਆ ਪਰ ਇਨ੍ਹਾਂ ਹੇਰਾ ਫੇਰੀ ਕਿਵੇਂ ਬੰਦ ਕਰ ਦਿੱਤੀ? ਇਸ ਤਰਾਂ ਮੈਂ ਸੋਚਦੇ ਨੇ ਦੋ ਦਿਨ ਬੜੀ ਮੁਸ਼ਕਲ ਨਾਲ ਕੱਢੇ l
ਜੇ ਦਿਨ ਮੈਨੂੰ ਖਿਆਲ ਆਇਆ ਕਿ ਇਹ ਜਰੂਰ ਕੋਈ ਐਸਾ ਹੇਰਾ ਫੇਰੀ ਦਾ ਢੰਗ ਵਰਤਣ ਲੱਗ ਪਏ ਹਨ ਜਿਸ ਦਾ ਮੈਨੂੰ ਪਤਾ ਨਹੀਂ ਹੈ l ਮੈਂ ਉਸ ਢੰਗ ਦੀ ਖੋਜ ਕਰਨ ਲੱਗਾ l ਉਥੇ ਇੱਕ ਚਿਲਰ (chiller/ਫਰਿਜ ਵਰਗਾ ਕਮਰਾ) ਬਣਿਆ ਹੋਇਆ ਸੀ ਜਿਥੇ ਰਾਤ ਨੂੰ ਬਚੀ ਹੋਈ ਐਸਪੇਰਾਗਸ ਰੱਖਦੇ ਸੀ ਅਤੇ ਦੂਜੇ ਦਿਨ ਉਸ ਐਸਪੇਰਾਗਸ ਦੀ ਗਰੇਡਿੰਗ ਸ਼ੁਰੂ ਕਰਦੇ ਸੀ ਅਤੇ ਜਦ ਤੱਕ ਨਵੀਂ ਐਸਪੇਰਾਗਸ ਖੇਤਾਂ ਵਿੱਚੋਂ ਆ ਜਾਂਦੀ ਸੀ l ਮੈਂ 6 ਵਜੇ ਕੰਮ ਸ਼ੁਰੂ ਕਰਦਾ ਹੁੰਦਾ ਸੀ ਅਤੇ ਔਰਤਾਂ ਦੇ ਘਰ ਵਾਲੇ ਪੰਜ ਜਾਂ ਸਾਢੇ ਪੰਜ ਖੇਤਾਂ ਵਿੱਚ ਕੰਮ ਸ਼ੁਰੂ ਕਰਦੇ ਸੀ l ਮੈਨੂੰ ਲੱਗਾ ਕਿ ਇਹ ਜਰੂਰ ਚਿਲਰ ਵਿੱਚੋਂ ਐਸਪੇਰਾਗਸ ਚੋਰੀ ਕਰਕੇ ਲੈ ਜਾਂਦੇ ਹੋਣਗੇ ਅਤੇ ਉਸ ਉੱਪਰ ਥੋੜ੍ਹੀ ਨਵੀਂ ਐਸਪੇਰਾਗਸ ਪਾ ਕੇ ਦੁਬਾਰਾ ਦੇ ਜਾਂਦੇ ਹਨ l ਮੈਂ ਲਗਾਤਾਰ ਦੋ ਰਾਤਾਂ ਨੂੰ ਬਕਸੇ ਗਿਣ ਕੇ ਜਾਣ ਲੱਗ ਪਿਆ l ਸਵੇਰ ਵੇਲੇ ਗਿਣੇ ਤਾਂ ਦੋਨੋਂ ਦਿਨ ਹੀ ਬਕਸੇ ਘੱਟ ਸਨ l ਦੂਜੇ ਦਿਨ ਜਦੋਂ ਉਹ ਐਸਪੇਰਾਗਸ ਰੱਖ ਕੇ ਚਲੇ ਗਏ ਤਾਂ ਮੈਂ ਉਨ੍ਹਾਂ ਤੋਂ ਐਸਪੇਰਾਗਸ ਵੱਖਰੀ ਰਖਵਾ ਲਈ l ਬਕਸਿਆਂ ਉਤੋਂ ਤਾਜ਼ੀ ਐਸਪੇਰਾਗਸ ਪਿੱਛੇ ਹਟਾਈ ਤਾਂ ਥੱਲੇ ਵਾਲੀ ਐਸਪੇਰਾਗਸ ਤੇ ਹੱਥ ਲਗਾਇਆ ਤਾਂ ਉਹ ਉੱਪਰ ਵਾਲੀ ਦੇ ਮੁਕਾਬਲੇ ਠੰਡੀ ਸੀ l ਉਹ ਬਕਸੇ ਮੈਂ ਉਨ੍ਹਾਂ ਧਾਰਮਿਕ ਔਰਤਾਂ ਕੋਲ ਲੈ ਗਿਆ ਜਿਹੜੀਆਂ ਕੰਮ ਕਰਦਿਆਂ ਵੀ ਸਾਰਾ ਦਿਨ ਰੱਬ ਰੱਬ ਕਰਦੀਆਂ ਰਹਿੰਦੀਆਂ ਸਨ l ਮੈਂ ਉਨ੍ਹਾਂ ਨੂੰ ਕਿਹਾ ਕਿ ਆਪਣੇ ਹੱਥਾਂ ਦੇ ਦਸਤਾਨੇ ਉਤਾਰ ਦਿਓ l ਉਹ ਹੈਰਾਨ ਹੋ ਕੇ ਮੇਰੇ ਵੱਲ ਦੇਖਣ ਲੱਗੀਆਂ l ਮੈਂ ਫਿਰ ਦੁਹਰਾਇਆ l ਉਨ੍ਹਾਂ ਦਸਤਾਨੇ ਲਾਹ ਦਿੱਤੇ l ਕਹਿੰਦੀਆਂ ਭਾਜੀ ਕੀ ਹੋਇਆ? ਮੈਂ ਉਨ੍ਹਾਂ ਨੂੰ ਕਿਹਾ ਕਿ ਇੱਕ ਹੱਥ ਬਕਸੇ ਦੇ ਉੱਪਰ ਵਾਲੀ ਐਸਪੇਰਾਗਸ ਤੇ ਲਗਾਓ ਅਤੇ ਦੂਜਾ ਹੱਥ ਬਕਸੇ ਦੇ ਦਰਮਿਆਨ ਵਾਲੀ ਐਸਪੇਰਾਗਸ ਤੇ ਲਗਾਓ ਅਤੇ ਮੈਨੂੰ ਦੱਸੋ ਕਿ ਦੋਨਾਂ ਵਿੱਚ ਕੀ ਫਰਕ ਹੈ? ਉਹ ਸੋਚ ਕੇ ਕਹਿੰਦੀਆਂ ਕਿ ਕੋਈ ਫਰਕ ਨਹੀਂ l ਇਸੇ ਤਰਾਂ ਮੈਂ ਉਨ੍ਹਾਂ ਤੋਂ ਵੱਖ ਵੱਖ ਬਕਸਿਆਂ ਤੇ ਹੱਥ ਲਗਵਾਏ l ਮੈਂ ਕਿਹਾ ਕਿ ਮੈਨੂੰ ਫਰਕ ਪਤਾ ਹੈ l ਤੁਹਾਨੂੰ ਕਿਉਂ ਨਹੀਂ ਪਤਾ ਲਗਦਾ? ਫਰਕ ਉਨ੍ਹਾਂ ਨੂੰ ਵੀ ਪਤਾ ਸੀ ਜੋ ਉਹ ਦੱਸਣਾ ਨਹੀਂ ਚਾਹੁੰਦੀਆਂ ਸਨ ਕਿਉਂਕਿ ਉਸ ਨਾਲ ਉਨ੍ਹਾਂ ਦੇ ਘਰ ਵਾਲਿਆਂ ਦੀ ਹੇਰਾ ਫੇਰੀ ਫੜ੍ਹੀ ਜਾਂਦੀ ਸੀ l ਮੈਂ ਉਨ੍ਹਾਂ ਨੂੰ ਕਿਹਾ ਕਿ ਉੱਪਰ ਵਾਲੀ ਐਸਪੇਰਾਗਸ ਦੇ ਮੁਕਾਬਲੇ ਦਰਮਿਆਨ ਵਾਲੀ ਜਿਆਦਾ ਠੰਡੀ ਹੈ l ਫਿਰ ਉਹ ਮੰਨ ਗਈਆਂ ਕਿ ਇਸੇ ਤਰਾਂ ਹੈ l
ਫਿਰ ਮੈਂ ਉਨ੍ਹਾਂ ਨੂੰ ਇੱਕ ਹੋਰ ਫਰਕ ਦੇਖਣ ਲਈ ਕਿਹਾ ਜੋ ਕਿ ਹੱਥ ਲਗਾਉਣ ਤੋਂ ਬਿਨਾਂ ਵੀ ਦਿਖਾਈ ਦਿੰਦਾ ਸੀ l ਉਨ੍ਹਾਂ ਨੂੰ ਕਿਹਾ ਕਿ ਬਕਸੇ ਦੇ ਉੱਪਰ ਵਾਲੀ ਐਸਪੇਰਾਗਸ ਨੂੰ ਦੇਖੋ ਅਤੇ ਬਕਸੇ ਦੇ ਦਰਮਿਆਨ ਵਾਲੀ ਐਸਪੇਰਾਗਸ ਨੂੰ ਦੇਖੋ l ਦਰਮਿਆਨ ਵਾਲੀ ਐਸਪੇਰਾਗਸ ਨੂੰ ਤਰੇਲੀ ਜਿਹੀ ਆਈ ਕਿਉਂ ਲੱਗ ਰਹੀ ਹੈ ਜਦ ਕਿ ਉੱਪਰ ਵਾਲੀ ਨੂੰ ਨਹੀਂ? ਉਹ ਕਹਿੰਦੀਆਂ ਸਾਨੂੰ ਨਹੀਂ ਪਤਾ l ਮੈਂ ਉਨ੍ਹਾਂ ਨੂੰ ਚਿਲਰ ਵਿੱਚ ਐਸਪੇਰਾਗਸ ਦਿਖਾਈ ਜਿਸ ਤੇ ਤਰੇਲੀ ਜਿਹੀ ਦੇ ਰੂਪ ਵਿੱਚ ਸਲ੍ਹਾਬਾ ਆਇਆ ਹੋਇਆ ਸੀ ਅਤੇ ਫਿਰ ਆਪ ਹੀ ਦੱਸਿਆ ਕਿ ਤੁਹਾਡੇ ਘਰ ਵਾਲੇ ਸਵੇਰੇ ਆ ਕੇ ਇੱਕ ਦਿਨ ਪਹਿਲਾਂ ਵਾਲੀ ਐਸਪੇਰਾਗਸ ਚੋਰੀ ਕਰਕੇ ਲੈ ਜਾਂਦੇ ਹਨ ਅਤੇ ਸਵੇਰੇ ਤਾਜ਼ੀ ਐਸਪੇਰਾਗਸ ਉੱਪਰ ਪਾ ਕੇ ਵਾਪਸ ਆ ਕੇ ਦੁਬਾਰਾ ਉਸ ਨੂੰ ਤੋਲ ਲੈਂਦੇ ਹਨ l ਉਨ੍ਹਾਂ ਨੂੰ ਕਿਹਾ ਕਿ ਮੈਂ ਗੋਰੇ ਨੂੰ ਨਹੀਂ ਦੱਸਾਂਗਾ ਜੇਕਰ ਇਹ ਕੰਮ ਬੰਦ ਕਰ ਦਿਓ l ਉਹ ਕਹਿੰਦੀਆਂ ਭਾਜੀ ਸਾਨੂੰ ਕੰਮ ਵਾਰਾ ਨਹੀਂ ਖਾਂਦਾ l ਗੋਰਾ ਪੈਸੇ ਘੱਟ ਦਿੰਦਾ ਹੈ l ਮੈਂ ਕਿਹਾ ਤੁਸੀਂ ਗੋਰੇ ਨੂੰ ਦੱਸੋ ਅਤੇ ਮੈਂ ਵੀ ਕਹਿ ਦਿਆਂਗਾ ਕਿ ਤੁਹਾਨੂੰ ਉਹ ਪੈਸੇ ਹੋਰ ਦੇਵੇ l ਉਨ੍ਹਾਂ ਫਿਰ ਵੀ ਗੋਰੇ ਨੂੰ ਨਹੀਂ ਦੱਸਿਆ ਪਰ ਹੇਰਾ ਫੇਰੀ ਕਰਨੋਂ ਹਟ ਗਏ l ਮੇਰੇ ਨਾਲ ਕੁੱਝ ਦਿਨ ਨਰਾਜ਼ ਰਹੀਆਂ ਅਤੇ ਕੁੱਝ ਦਿਨ ਮੂੰਹ ਵਿੱਚ ਬੁੜ੍ਹ ਬੁੜ੍ਹ ਕਰਦੀਆਂ ਰਹੀਆਂ l ਇੱਕ ਦਿਨ ਮੈਂ ਪੁੱਛ ਲਿਆ ਕਿ ਮੂੰਹ ਵਿੱਚ ਬੁੜ੍ਹ ਬੁੜ੍ਹ ਕੀ ਕਰਦੇ ਹੋ? ਉਹ ਕਹਿੰਦੀਆਂ ਕਿ ਅਸੀਂ ਤਾਂ ਸਾਰਾ ਦਿਨ ਰੱਬ ਦਾ ਨਾਮ ਲੈਂਦੀਆਂ ਹਾਂ l ਹੋ ਸਕਦਾ ਉਹ ਸੱਚ ਹੀ ਬੋਲਦੀਆਂ ਹੋਣ ਪਰ ਮੈਂ ਉਸ ਤੋਂ ਬਾਦ ਲਗਾਤਾਰ ਸੋਚੀਂ ਪਿਆ ਰਿਹਾ ਕਿ ਜੇ ਸਾਰਾ ਦਿਨ ਰੱਬ ਦਾ ਨਾਮ ਲੈਣ ਵਾਲਿਆਂ ਦਾ ਆਹ ਹਾਲ ਹੈ ਤਾਂ ਆਮ ਲੋਕਾਂ ਦੀ ਕੀ ਹੋਵੇਗਾ? ਇਸ ਦਾ ਜਵਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ l
ਨੋਟ :- ਐਸਪੇਰਾਗਸ ਸਰੋਂ ਦੀਆਂ ਗੰਦਲਾਂ ਵਾਂਗ ਹੁੰਦੀ ਹੈ ਜਿਸ ਤੋਂ ਸਾਗ ਜਾਂ ਭੁਰਜੀ ਬਣ ਜਾਂਦੀ ਹੈ l ਗੋਰੇ ਇਸ ਨੂੰ ਉਬਾਲ ਕੇ ਖਾਂਦੇ ਹਨ l