ਦਿੱਲੀ ਦੀ ਪੁਲਿਸ ਨੇ ਲਕਸ਼ਮੀਨਗਰ ਤੋਂ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਏਕੇ-47, ਹੈਂਡ ਗਰਨੇਡ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀ ਦਾ ਨਾਂਅ ਮੁਹੰਮਦ ਅਸ਼ਰਫ ਦੱਸਿਆ ਜਾ ਰਿਹਾ ਹੈ। ਉਸ ਦੇ ਕੋਲੋਂ ਫਰਜ਼ੀ ਪਾਸਪੋਰਟ ਅਤੇ ਗੋਲੀਆਂ ਵੀ ਬਦਾਮਦ ਕੀਤੀਆਂ ਗਈਆਂ ਹਨ।ਖ਼ਬਰਾਂ ਅਨੁਸਾਰ ਉਹ ਪਾਕਿਸਤਾਨ ਦੇ ਨਾਰੋਵਾਲ ਸੂਬੇ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਦਿੱਲੀ ਵਿਚ ਪਾਕਿਸਤਾਨੀ ਅਤਿਵਾਦੀ ਦੀ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਪਿਛਲੇ ਕੁਝ ਦਿਨਾਂ ਵਿਚ ਕਸ਼ਮੀਰ ਵਿਚ ਅਤਿਵਾਦੀ ਘਟਨਾਵਾਂ ਵਿਚ ਵਾਧਾ ਹੋਇਆ ਹੈ। ਦਿੱਲੀ ਪੁਲਿਸ ਨੇ ਕੁਝ ਦਿਨ ਪਹਿਲਾਂ ਸੁਚੇਤ ਕੀਤਾ ਸੀ ਕਿ ਤਿਉਹਾਰਾਂ ਦੌਰਾਨ ਅੱਤਵਾਦੀ ਹਮਲੇ ਦੀ ਸੰਭਾਵਨਾ ਹੈ। ਇਸ ਸਬੰਧੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਉਸ ਨੇ ਸ਼ਾਸਤਰੀ ਪਾਰਕ ਦੇ ਪਤੇ ‘ਤੇ ਭਾਰਤੀ ਪਛਾਣ ਪੱਤਰ ਬਣਵਾਇਆ ਸੀ, ਜਿਸ ਵਿਚ ਉਸ ਦਾ ਨਾਂ ਅਲੀ ਅਹਿਮਦ ਨੂਰੀ ਹੈ। ਕਾਲਿੰਦੀ ਕੁੰਜ ਦੇ ਯਮੁਨਾ ਘਾਟ ਤੋਂ ਇਕ ਏਕੇ -47, 60 ਕਾਰਤੂਸ, ਇੱਕ ਹੈਂਡ ਗ੍ਰਨੇਡ, 2 ਪਿਸਤੌਲ ਅਤੇ 50 ਕਾਰਤੂਸ ਬਰਾਮਦ ਕੀਤੇ ਗਏ ਹਨ। ਫਿਲਹਾਲ ਉਸ ਤੋਂ ਪੁੱਛਗਿੱਛ ਜਾਰੀ ਹੈ।