ਕੋਰੋਨਾ ਮਹਾਮਾਰੀ (Covid-19) ਕਾਰਨ ਸੀਲ ਕੀਤੀਆਂ ਗਈਆਂ ਸੀਮਾਵਾਂ ਨੂੰ ਅਮਰੀਕਾ ਅਗਲੇ ਮਹੀਨੇ ਖੋਲ੍ਹਣ ਦੀ ਤਿਆਰੀ ਵਿੱਚ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ (Covid-19) ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ 19 ਮਹੀਨੇ ਪਹਿਲਾਂ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਹੁਣ ਦੂਜੇ ਦੇਸ਼ਾਂ ਦੇ ਲੋਕ ਇੱਥੇ ਆ ਸਕਣਗੇ ਪਰ ਦਾਖਲਾ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਿੱਤਾ ਜਾਵੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੋਵੇਗੀ। ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਜਿਨ੍ਹਾਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਉਹ ਸਿਰਫ ਐਮਰਜੈਂਸੀ ਸਮੇਂ ਹੀ ਦੇਸ਼ ਵਿਚ ਦਾਖਲ ਹੋ ਸਕਦੇ ਹਨ। ਜ਼ਮੀਨੀ ਸਰਹੱਦਾਂ (land boarders) ਨੂੰ ਖੋਲ੍ਹਣ ਲਈ ਇੱਕ ਪਲੈਨ ਤਿਆਰ ਕੀਤਾ ਗਿਆ ਹੈ ਜਿਸ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ਹਾਲਾਂਕਿ ਬਾਰਡਰ ਖੋਲ੍ਹਣ ਲਈ ਅਜੇ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਪਰ ਅਧਿਕਾਰੀਆਂ ਨੇ ਦੱਸਿਆ ਕੇ ਇਸ ਦਾ ਪਹਿਲਾ ਫੇਜ਼ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਜਦਕਿ ਦੂਜਾ ਫੇਜ਼ ਜਨਵਰੀ ਵਿਚ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕੇ ਇਸ ਤਰਾਂ ਟਰੱਕ ਅਤੇ ਹੋਰ ਵਾਹਨ ਚਾਲਕਾਂ ਨੂੰ ਵੈਕਸੀਨ ਲਗਵਾਉਣ ਦਾ ਸਮਾਂ ਮਿਲ ਸਕੇਗਾ।
ਉਨ੍ਹਾਂ ਦੱਸਿਆ ਕੇ ਜਨਵਰੀ ਵਿਚ ਪੂਰੀ ਤਰਾਂ ਵੈਕਸੀਨੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ। ਇਥੇ ਦੱਸ ਦਈਏ ਕਿ ਇਸ ਸਮੇਂ ਕਿਸੇ ਤਰਾਂ ਦਾ ਵੀ ਟੈਸਟ ਨਹੀਂ ਹੋਵੇਗਾ ਅਤੇ ਇਹ ਨਿਯਮ ਵਿਦੇਸ਼ੀ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ। ਦੱਸ ਦਈਏ ਕਿ ਅਜੇ ਵੀ ਅਮਰੀਕਾ ਵਿੱਚ ਕੋਰੋਨਾ ਵਾਇਰਸ (Covid-19) ਦੇ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ। ਇਹ ਕੋਰੋਨਾ ਨਾਲ ਪ੍ਰਭਾਵਿਤ ਦੇਸ਼ਾਂ ਦੀ ਲਿਸਟ ਵਿੱਚ ਸਭ ਤੋਂ ਟਾਪ ‘ਤੇ ਹੈ।