ਪੰਜਾਬੀ ਟ੍ਰਿਬਿਊਨ ਖ਼ਬਰ ਮੁਤਾਬਕ ਹੁਣ ਅਜਿਹੀਆਂ ਕਈ ਫੋਟੋਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਭਾਜਪਾ ਦੇ ਕੌਮੀ ਆਗੂਆਂ ਨਾਲ ਨਜ਼ਰ ਆ ਰਹੇ ਹਨ।
ਪੰਜਾਬੀ ਟ੍ਰਿਬਿਊਨ ਨੇ ਇਨ੍ਹਾਂ ਤਸਵੀਰਾਂ ‘ਚ ਨਜ਼ਰ ਆਉਣ ਵਾਲੇ ਕਈ ਵਿਅਕਤੀਆਂ ਨਾਲ ਗੱਲ ਕਰਨ ਦਾ ਦਾਅਵਾ ਵੀ ਕੀਤਾ ਹੈ। ਇਹ ਤਸਵੀਰਾਂ ਜੁਲਾਈ ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਹਨ।
ਇਨ੍ਹਾਂ ਤਸਵੀਰਾਂ ਵਿਚ ਬਰਖਾਸਤ ਪੁਲਿਸ ਇੰਸਪੈਕਟਰ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹੈ।
ਕੁਝ ਭਾਜਪਾ ਆਗੂ ਜਿਨ੍ਹਾਂ ਵਿਚ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਸ਼ਾਮਲ ਹਨ, ਵੀ ਤਸਵੀਰ ਵਿਚ ਸ਼ਾਮਲ ਹਨ। ਬੀਜੇਪੀ ਕਿਸਾਨ ਮੋਰਚਾ ਦੇ ਸੁਖਵਿੰਦਰ ਸਿੰਘ ਗਰੇਵਾਲ ਨੇ ਇਸ ਤਸਵੀਰ ਵਿੱਚ ਨਜ਼ਰ ਆਉਂਦੇ ਹਨ।
ਖ਼ਬਰ ਮੁਤਾਬਕ ਨਿਹੰਗ ਬਾਬਾ ਅਮਨ ਸਿੰਘ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਚੱਲ ਰਹੇ ਸੰਘਰਸ਼ ਨੂੰ ਹੱਲ ਕਰਨ ਲਈ ਪਰਦੇ ਪਿੱਛੋਂ ਭੂਮਿਕਾ ਨਿਭਾਉਣ ਵਾਲਿਆਂ ਵਿਚ ਸ਼ਾਮਿਲ ਸੀ।
ਇਸ ਦੇ ਨਾਲ ਹੀ ਇਕ ਕੈਨੇਡੀਅਨ ਸਿੱਖ ਗਰੁੱਪ ਵੀ ਇਸ ਵਿੱਚ ਸ਼ਾਮਿਲ ਸੀ। ‘ਉਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਕੁਲਤਾਰ ਸਿੰਘ ਗਿੱਲ ਨੇ ਜੂਨ ਵਿੱਚ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਭਾਜਪਾ ਆਗੂ ਸੁਖਮਿੰਦਰ ਸਿੰਘ ਗਰੇਵਾਲ ਨੂੰ ਗੱਲਬਾਤ ਸ਼ੁਰੂ ਕਰਾਉਣ ਵਿੱਚ ਅਹਿਮ ਸਰੋਤ ਆਖਿਆ ਸੀ।
ਖ਼ਬਰ ਮੁਤਾਬਕ ਪਿੰਕੀ ਨੇ ਕੇਂਦਰੀ ਮੰਤਰੀ ਨਾਲ ਬੈਠਕ ਅਤੇ ਨਿਹੰਗ ਆਗੂ ਨਾਲ ਨੇੜਤਾ ਦੀ ਗੱਲ ਨੂੰ ਕਬੂਲਿਆ ਹੈ।
ਤਸਵੀਰ ਵਿੱਚ ਸ਼ਾਮਲ ਭਾਜਪਾ ਆਗੂ ਸੁਖਵਿੰਦਰ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਉਹ ਪਾਰਟੀ ਆਗੂ ਵਜੋਂ ਸੀਨੀਅਰ ਲੀਡਰਾਂ ਨੂੰ ਮਿਲਦੇ ਰਹਿੰਦੇ ਹਨ ਅਤੇ ਓਂਟਾਰੀਓ ਦੇ ਇਕ ਸਿੱਖ ਗਰੁੱਪ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਸੀ। ਇਕ ਬੈਠਕ ਵਿਚ ਬਾਬਾ ਅਮਨ ਸਿੰਘ ਵੀ ਸ਼ਾਮਿਲ ਸਨ।
ਉਧਰ ਕੇਂਦਰੀ ਖੇਤੀਬਾੜੀ ਮੰਤਰੀ ਦੇ ਸਟਾਫ ਮੈਂਬਰਾਂ ਅਨੁਸਾਰ ਮੰਤਰੀ ਆਪਣੇ ਅਹੁਦੇ ਕਾਰਨ ਹਰ ਰੋਜ਼ ਕਈ ਲੋਕਾਂ ਨੂੰ ਮਿਲਦੇ ਹਨ ਅਤੇ ਇਹ ਗੱਲ ਵੀ ਆਖੀ ਕਿ ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਵਿੱਚ ਕੋਈ ਨਿਹੰਗ ਆਗੂ ਸ਼ਾਮਲ ਨਹੀਂ ਸੀ।
ਨਿਹੰਗ ਬਾਬਾ ਅਮਨ ਸਿੰਘ ਨੂੰ ਰਿਪੋਰਟ ਪ੍ਰਕਾਸ਼ਿਤ ਕਰਨ ਵਾਲੇ ਪੱਤਰਕਾਰ ਨੇ ਇਸ ਤਸਵੀਰ ਬਾਰੇ ਪੁੱਛਿ ਤਾਂ ਉਨ੍ਹਾਂ ਨੇ ਆਖਿਆ ਕਿ ਉਹ ਕਈ ਲੋਕਾਂ ਤੇ ਆਗੂਆਂ ਨੂੰ ਮਿਲਦੇ ਰਹਿੰਦੇ ਹਨ ਅਤੇ ਬੇਅਦਬੀ ਕਰਨ ਵਾਲੇ ਦੀ ਹੱਤਿਆ ਇੱਕ ਧਾਰਮਿਕ ਮਸਲਾ ਹੈ, ਇਸ ਦਾ ਕਿਸੇ ਹੋਰ ਚੀਜ਼ ਨਾਲ ਲੈਣਾ ਦੇਣਾ ਨਹੀਂ।