Home » ਵੱਡਾ ਸਿਆਸੀ ਧਮਾਕਾ! ਕੈਪਟਨ ਅਮਰਿੰਦਰ ਬਣਨਗੇ ਬੀਜੇਪੀ ਦਾ ਸਹਾਰਾ, ਟਕਸਾਲੀ ਲੀਡਰਾਂ ਨਾਲ ਵੀ ਮਿਲਾਉਣਗੇ ਹੱਥ…
Home Page News India India News

ਵੱਡਾ ਸਿਆਸੀ ਧਮਾਕਾ! ਕੈਪਟਨ ਅਮਰਿੰਦਰ ਬਣਨਗੇ ਬੀਜੇਪੀ ਦਾ ਸਹਾਰਾ, ਟਕਸਾਲੀ ਲੀਡਰਾਂ ਨਾਲ ਵੀ ਮਿਲਾਉਣਗੇ ਹੱਥ…

Spread the news

 ਮਹੀਨਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਲੀ ਰਣਨੀਤੀ ਸਾਹਮਣੇ ਆ ਗਈ ਹੈ। ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ‘ਚ ਨਵੀਂ ਪਾਰਟੀ ਬਣਾਉਣਗੇ। ਇਸ ਰਾਹੀਂ ਉਹ 4 ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਹੋਵੇਗਾ। ਇਸ ਲਈ ਤੈਅ ਹੈ ਕਿ ਕੈਪਟਨ ਹੁਣ ਪੰਜਾਬ ਵਿੱਚ ਬੀਜੇਪੀ ਦਾ ਸਹਾਰਾ ਬਣਨਗੇ। ਇਸ ਲਈ ਉਹ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਲੀਡਰਾਂ ਨਾਲ ਵੀ ਹੱਥ ਮਿਲਾਉਣਗੇ।

ਕੈਪਟਨ ਨੇ ਖੁਦ ਸਪਸ਼ਟ ਕੀਤਾ ਹੈ ਕਿ ਇਸ ਗਠਜੋੜ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਧੜੇ ਵੀ ਸ਼ਾਮਲ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਸਹੀ ਹੱਲ ਲੱਭਣਾ ਜ਼ਰੂਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੀਜੇਪੀ ਵੱਲੋਂ ਇਹ ਰਣਨੀਤੀ ਪਹਿਲਾਂ ਹੀ ਘੜੀ ਜਾ ਚੁੱਕੀ ਸੀ। ਸਿਰਫ ਕੈਪਟਨ ਦੀ ਹਾਂ ਉਡੀਕੀ ਜਾ ਰਹੀ ਸੀ। ਹੁਣ ਕੈਪਟਨ ਤੇ ਬੀਜੇਪੀ ਵਿਚਾਲੇ ਸਭ ਕੁਝ ਤੈਅ ਹੋ ਗਿਆ ਹੈ।

ਦਰਅਸਲ ਕੈਪਟਨ ਅਮਰਿੰਦਰ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨੂੰ ਹੀ ਹਥਿਆਰ ਬਣਾ ਕੇ ਸਿਆਸਤ ਵਿੱਚ ਨਵੇਂ ਸਿਰਿਓਂ ਉੱਤਰਣ ਦਾ ਦਾਅ ਖੇਡਿਆ ਜਾ ਰਿਹਾ ਹੈ। ਕੈਪਟਨ ਨੇ ਇੱਕ ਇੰਟਰਵਿਊ ‘ਚ ਸੰਕੇਤ ਦਿੱਤਾ ਕਿ ਦਿੱਲੀ ‘ਚ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ‘ਚ ਚੱਲ ਰਿਹਾ ਕਿਸਾਨੀ ਅੰਦੋਲਨ ਛੇਤੀ ਹੀ ਕਿਸੇ ਨਤੀਜੇ ਵੱਲ ਵਧ ਸਕਦਾ ਹੈ। ਇਸ ‘ਚ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇਗੀ। ਉਨ੍ਹਾਂ ਕਿਹਾ ਕਿ ਉਹ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਦੇ ਹੱਲ ਹੋਣ ਤੋਂ ਬਾਅਦ ਹੀ ਭਾਜਪਾ ਨਾਲ ਗੱਠਜੋੜ ਕਰਨਗੇ।

ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਫ਼ੋਕਸ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ‘ਚ ਸਰਕਾਰ ਬਣਾਉਣ ‘ਤੇ ਰਹੇਗਾ। ਭਾਜਪਾ ਨਾਲ ਕਿਸੇ ਵੀ ਵਿਚਾਰਧਾਰਕ ਸਮੱਸਿਆ ਦੇ ਮਸਲੇ ‘ਤੇ ਅਮਰਿੰਦਰ ਨੇ ਕਿਹਾ ਕਿ ਉਹ ਪੰਜਾਬ ਦੇ ਨਾਲ ਖੜ੍ਹੇ ਹਨ। ਉਨ੍ਹਾਂ ਲਈ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਹਨ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕੈਪਟਨ ਨੇ ਸਿਆਸਤ ‘ਚ ਆਪਣੀ ਯੋਜਨਾਬੰਦੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। 18 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਛੱਡਣ ਤੇ ਭਾਜਪਾ ‘ਚ ਸ਼ਾਮਲ ਨਾ ਹੋਣ ਦੀ ਗੱਲ ਆਖੀ ਸੀ।