ਟੀਮ ਇੰਡੀਆ ਨੇ ਦੁਬਈ ਵਿੱਚ ਖੇਡੇ ਗਏ 2021 ਟੀ -20 ਵਿਸ਼ਵ ਕੱਪ ਦੇ ਅਭਿਆਸ ਮੈਚ ਵਿੱਚ ਆਸਟਰੇਲੀਆਈ ਟੀਮ ਨੂੰ ਬੁਰੀ ਤਰ੍ਹਾਂ ਹਰਾਇਆ। ਆਸਟਰੇਲੀਆ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 152 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਟੀਮ ਇੰਡੀਆ ਨੇ 17.5 ਓਵਰਾਂ ਵਿੱਚ ਸਿਰਫ ਇੱਕ ਵਿਕਟ ਗੁਆ ਟੀਚੇ ਦਾ ਆਸਾਨੀ ਨਾਲ ਪਿੱਛਾ ਕਕ ਜਿੱਤ ਹਾਸਲ ਕੀਤੀ।
ਰੋਹਿਤ ਸ਼ਰਮਾ ਨੇ ਭਾਰਤ ਲਈ 41 ਗੇਂਦਾਂ ਵਿੱਚ 60 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਦੂਜੇ ਪਾਸੇ ਸ਼ਾਨਦਾਰ ਫਾਰਮ ‘ਚ ਚੱਲ ਰਹੇ ਕੇਐਲ ਰਾਹੁਲ ਨੇ 39 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸੂਰਯਕੁਮਾਰ ਯਾਦਵ ਨੇ 27 ਗੇਂਦਾਂ ਵਿੱਚ ਨਾਬਾਦ 38 ਅਤੇ ਹਾਰਦਿਕ ਪੰਡਯਾ ਨੇ ਅੱਠ ਗੇਂਦਾਂ ਵਿੱਚ ਨਾਬਾਦ 14 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਆਸਟਰੇਲਿਆਈ ਕਪਤਾਨ ਆਰੋਨ ਫਿੰਚ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਉਨ੍ਹਾਂ ਦਾ ਇਹ ਫੈਸਲਾ ਸ਼ੁਰੂਆਤ ਵਿੱਚ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ। ਡੇਵਿਡ ਵਾਰਨਰ 01, ਆਰੋਨ ਫਿੰਚ 08 ਅਤੇ ਮਿਸ਼ੇਲ ਮਾਰਸ਼ 00 ਸਸਤੇ ਵਿੱਚ ਆਊਟ ਹੋਏ। ਹਾਲਾਂਕਿ ਇਸ ਤੋਂ ਬਾਅਦ ਸਟੀਵ ਸਮਿਥ ਨੇ ਜ਼ਿੰਮੇਵਾਰੀ ਲਈ ਅਤੇ ਸਭ ਤੋਂ ਪਹਿਲਾਂ ਗਲੇਨ ਮੈਕਸਵੈਲ ਨਾਲ ਚੌਥੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ।
ਮੈਕਸਵੈਲ 28 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਕੇ ਆਊਟ ਹੋਇਆ। ਭੁਵਨੇਸ਼ਵਰ ਕੁਮਾਰ ਨੇ ਉਸ ਨੂੰ ਪਵੇਲੀਅਨ ਭੇਜਿਆ। ਸਮਿਥ ਅਤੇ ਮਾਰਕਸ ਸਟੋਇਨਿਸ ਨੇ 72 ਦੌੜਾਂ ‘ਤੇ ਚਾਰ ਵਿਕਟਾਂ ਡਿੱਗਣ ਤੋਂ ਬਾਅਦ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਪੰਜਵੀਂ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਕੀਤੀ। ਸਮਿਥ ਨੇ 48 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਸੱਤ ਚੌਕੇ ਨਿਕਲੇ। ਇਸ ਦੇ ਨਾਲ ਹੀ ਮਾਰਕਸ ਸਟੋਇਨਿਸ 25 ਗੇਂਦਾਂ ਵਿੱਚ 41 ਦੌੜਾਂ ਬਣਾ ਕੇ ਅਜੇਤੂ ਰਹੇ। ਉਸ ਨੇ ਚਾਰ ਚੌਕੇ ਅਤੇ ਇੱਕ ਛੱਕਾ ਲਗਾਇਆ। ਇਸ ਦੇ ਨਾਲ ਹੀ ਮੈਥਿਊ ਵੇਡ ਇੱਕ ਗੇਂਦ ‘ਤੇ ਨਾਬਾਦ ਚਾਰ ਦੌੜਾਂ ਬਣਾ ਕੇ ਵਾਪਸੀ ਕਰ ਗਏ।
ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ ਸਿਰਫ 8 ਦੌੜਾਂ ਦੇ ਕੇ ਦੋ ਵਿਕਟ ਲਏ। ਇਸ ਤੋਂ ਇਲਾਵਾ ਰਾਹੁਲ ਚਾਹਰ, ਰਵਿੰਦਰ ਜਡੇਜਾ ਅਤੇ ਭੁਵਨੇਸ਼ਵਰ ਕੁਮਾਰ ਨੂੰ ਇੱਕ -ਇੱਕ ਵਿਕਟ ਮਿਲੀ।