Home » ਨਵੰਬਰ ‘ਚ ਹੋਣ ਜਾ ਰਹੀਆਂ ਨਿਊਜ਼ੀਲੈਂਡ ਸਿੱਖ ਖੇਡਾਂ, ਹੁਣ ਹੋਣਗੀਆ ਅਗਲੇ ਸਾਲ…
Entertainment Entertainment Home Page News New Zealand Local News NewZealand

ਨਵੰਬਰ ‘ਚ ਹੋਣ ਜਾ ਰਹੀਆਂ ਨਿਊਜ਼ੀਲੈਂਡ ਸਿੱਖ ਖੇਡਾਂ, ਹੁਣ ਹੋਣਗੀਆ ਅਗਲੇ ਸਾਲ…

Spread the news

ਔਕਲੈਂਡ 26 ਅਕਤੂਬਰ, 2021:-ਨਿਊਜ਼ੀਲੈਂਡ ’ਚ ਕਰੋਨਾ ਤਾਲਾਬੰਦੀ ਦੇ ਚਲਦਿਆਂ ਵੱਡੇ ਇਕੱਠ ਕਰਨੇ ਅਤੇ ਖੇਡ ਸਮਾਗਮ ਕਰਨ ਉਤੇ ਅਜੇ ਬੰਦਿਸ਼ ਲੱਗੀ ਹੋਈ ਹੈ। ਲਗਾਤਾਰ ਆ ਰਹੇ ਕਰੋਨਾ ਕੇਸਾਂ ਦੇ ਚਲਦਿਆਂ ਅਜੇ ਕਰੋਨਾ ਤਾਲਾਬੰਦੀ ਖਤਮ ਹੋਣ ਦੀ ਸੰਭਾਵਨਾ ਨਹੀਂ। ਇਸਦੇ ਬਾਵਜੂਦ ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਨੂੰ ‘ਤੀਜ਼ੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ ਜੋ ਕਿ 27 ਅਤੇ 28 ਨਵੰਬਰ 2021 ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ, ਬੜੀ ਉਤਸੁਕਤਾ ਨਾਲ ਉਡੀਕ ਸੀ। ਇਹ ਖੇਡਾਂ ਹੋਣਗੀਆਂ ਜਾਂ ਅੱਗੇ ਪੈਣਗੀਆਂ ਆਦਿ ਪ੍ਰਸ਼ਨ ਲੋਕਾਂ ਦੇ ਦਿਲਾਂ ਵਿਚ ਚੱਲ ਰਹੇ ਸਨ।


ਇਸ ਸਬੰਧੀ ਕੋਈ ਫੈਸਲਾ ਲੈਣ ਵਾਸਤੇ ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ ਦੀ ਕਈ ਵਾਰ ਮੀਟਿੰਗ ਹੋਈ। ਫੈਸਲਾ ਹੁੰਦਾ ਰਿਹਾ ਕਿ ਸਰਕਾਰ ਦੀ ਅਗਲੀ ਅਨਾਊਂਸਮੈਂਟ ਤੱਕ ਦੀ ਉਡੀਕ ਕਰਕੇ ਫੈਸਲਾ ਲਿਆ ਜਾਵੇ। ਪਰ ਹੁਣ ਕਰੋਨਾ ਲੈਵਲ ਨੂੰ ਲਾਲ, ਸੰਗਤਰੀ ਅਤੇ ਹਰੇ ਜ਼ੋਨ ਦੇ ਵਿਚ ਵੰਡਣ ਦੇ ਫੈਸਲੇ ਬਾਅਦ ਸਪਸ਼ਟ ਲਗਦਾ ਹੈ ਕਿ ਨਵੰਬਰ ਮਹੀਨੇ ਤੱਕ ਇਹ ਜ਼ੋਨ ਹਰੇ ਰੰਗ (ਗ੍ਰੀਨ) ਵਿਚ ਤਬਦੀਲ ਨਹੀਂ ਹੋਵੇਗਾ। ਅੰਤ ਇਹ ਫੈਸਲਾ ਲਿਆ ਗਿਆ ਹੈ ਕਿ ਸਾਲ 2021 ਦੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਨੂੰ ਸਾਲ 2022 ਦੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਨਾਲ ਜੋੜ ਕੇ ਦੁੱਗਣੇ ਉਤਸ਼ਾਹ ਨਾਲ ਕਰਵਾਈਆਂ ਜਾਣ।


ਸੋ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਸੰਗਮ ਕਰਕੇ ਹੁਣ ਇਸਨੂੰ ‘ਨਿਊਜ਼ੀਲੈਂਡ ਸਿੱਖ ਖੇਡਾਂ 21-22’ ਦਾ ਨਾਂਅ ਦੇ ਕੇ ਹੋਰ ਵੱਡੇ ਪ੍ਰਬੰਧਾਂ ਨਾਲ ਮਨਾਇਆ ਜਾਵੇਗਾ। ਅਗਲੇ ਸਾਲ ਇਹ ਖੇਡਾਂ ਨਵੰਬਰ ਮਹੀਨੇ ਹੀ ਮੌਸਮ ਅਤੇ ਹੋਰ ਪ੍ਰਬੰਧਾਂ ਨੂੰ ਵਿਚਾਰਦਿਆਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਪਹਿਲਾਂ ਵਿਚਾਰ ਕੀਤਾ ਗਿਆ ਕਿ ਅਗਲੇ ਸਾਲ ਜਨਵਰੀ ਜਾਂ ਫਰਵਰੀ ਵਿਚ ਇਰ ਖੇਡਾਂ ਕਰਵਾ ਲਈਆਂ ਜਾਣ, ਪਰ ਉਨ੍ਹਾਂ ਦਿਨਾਂ ਵਿਚ ਖੇਡ ਦੇ ਮੈਦਾਨ ਅਤੇ ਹੋਰ ਪ੍ਰਬੰਧ ਉਪਲਬਧ ਨਹੀਂ ਸਨ, ਜਿਸ ਕਰਕੇ ਫੈਸਲਾ ਨਵੰਬਰ ਮਹੀਨੇ ਦਾ ਹੀ ਲੈਣਾ ਪਿਆ। ਮਾਰਚ ਮਹੀਨੇ ਲੋਕਲ ਕਬੱਡੀ ਸੀਜ਼ਨ ਵੀ ਚੱਲ ਪੈਂਦਾ ਹੈ ਜਿਸ ਕਰਕੇ ਇਹ ਵੀ ਧਿਆਨ ਰੱਖਿਆ ਗਿਆ ਕਿ ਸਾਡੇ ਖੇਡ ਕਲੱਬ ਆਪਣੇ-ਆਪਣੇ ਨਿਰਧਾਰਤ ਸਮੇਂ ਅਨੁਸਾਰ ਖੇਡ ਟੂਰਨਾਮੈਂਟ ਕਰਵਾ ਸਕਣ।


ਪੈਂਸਿਲ ਬੁਕਿੰਗ ਅਨੁਸਾਰ ਇਹ ਖੇਡਾਂ ਸੰਭਾਵਿਤ ਅਗਲੇ ਸਾਲ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੀ ਹੋਣਗੀਆਂ ਅਤੇ ਇਨ੍ਹਾਂ ਤਰੀਕਾਂ ਦਾ ਐਲਾਨ ਅਗਲੇ ਸਾਲ ਇਕ ਤਰੀਕ ਐਲਾਨ ਸਮਾਗਮ ਦੇ ਵਿਚ ਕੀਤਾ ਜਾਵੇਗਾ। ਇਹ ਵੀ ਆਸ ਕੀਤੀ ਗਈ ਹੈ ਕਿ ਅਗਲੇ ਸਾਲ ਤੱਕ ਦੇਸ਼ ਤੋਂ ਬਾਹਰ ਦੀਆਂ ਟੀਮਾਂ, ਸਭਿਆਚਾਰਕ ਕਲਾਕਾਰ ਅਤੇ ਦਰਸ਼ਕ ਵੀ ਸ਼ਿਰਕਤ ਕਰ ਸਕਣਗੇ।


ਬਹੁਤ-ਬਹੁਤ ਧੰਨਵਾਦ: ਨਿਊਜ਼ੀਲੈਂਡ ਸਿੱਖ ਖੇਡਾਂ ਦੇ ਹੁਣ ਤੱਕ ਦੇ ਸਫ਼ਰ ਲਈ ਅਤੇ ਅਗਲੇ ਖੇਡ ਮਹਾਂਕੁੰਭ ਦੀ ਤਿਆਰੀ ਵਿਚ ਸਹਿਯੋਗ ਦੇਣ ਲਈ ਸਾਰੇ ਸਪਾਂਸਰਜ਼, ਚੈਰੀਟੇਬਲ ਟ੍ਰਸਟਾਂ, ਸਹਿਯੋਗੀ, ਖਿਡਾਰੀਆਂ, ਖੇਡ ਕਲੱਬਾਂ, ਰੈਫਰੀਜ਼, ਵਲੰਟੀਅਰਜ਼, ਲੰਗਰ ਕਮੇਟੀ, ਟ੍ਰੈਫਿਕ ਮੈਨੇਜਮੈਂਟ, ਟੈਕਨੀਕਲ ਟੀਮ, ਰਾਜਨੀਤਿਕ ਮਹਿਮਾਨਾਂ ਅਤੇ ਮੀਡੀਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਅਗਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਸਫਲਤਾ ਵਾਸਤੇ ਉਪਰੋਕਤ ਸਾਰੀਆਂ ਸਖਸ਼ੀਅਤਾਂ ਤੋਂ ਸਹਿਯੋਗ ਦੀ ਭਵਿੱਖ ਵਿਚ ਆਸ ਰੱਖੀ ਜਾਂਦੀ ਹੈ।
Nz Sikh games team