*-ਆਪਣੇ ਤਜਰਬੇ ਤੇ ਅਧਾਰਤ——
ਨਿਊਜ਼ੀਲੈਂਡ ਵਿੱਚ ਮਹਿੰਗਾਈ ਦੀ ਦਰ 4.9% ਦੇ ਕਰੀਬ ਹੋ ਗਈ ਹੈ ਜੋ ਕਿ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਗਈ ਹੈ l ਮਹਿੰਗਾਈ ਦੇ ਵਧਣ ਦੀ ਦਰ ਨੂੰ ਇਨਫਲੇਸ਼ਨ ਵੀ ਕਿਹਾ ਜਾਂਦਾ ਹੈ l ਇਸ ਨਾਲ ਡਾਲਰ ਦੀ ਖਰੀਦ ਸ਼ਕਤੀ ਘੱਟ ਹੋ ਜਾਂਦੀ ਹੈ l
ਪਿਛਲੇ ਦੋ ਕੁ ਸਾਲਾਂ ਵਿੱਚ ਨਿਊਜ਼ੀਲੈਂਡ ਵਿੱਚ ਕਰੋਨਾ ਦਾ ਦੌਰ ਚੱਲਦਿਆਂ ਛੋਟੇ ਕਾਰੋਬਾਰਾਂ ਅਤੇ ਮਜ਼ਦੂਰਾਂ ਦੀ ਹਾਲਤ ਪਹਿਲਾਂ ਹੀ ਕਾਫੀ ਮਾੜੀ ਹੈ l ਕਈ ਮਜ਼ਦੂਰਾਂ ਦੀ ਨੌਕਰੀ ਜਾਂਦੀ ਲੱਗੀ ਹੈ ਅਤੇ ਕਈ ਛੋਟੇ ਕਾਰੋਬਾਰ ਬੰਦ ਹੋ ਗਏ ਹਨ l ਸੈਂਕੜੇ ਕਾਰੋਬਾਰ ਅਜੇ ਵੀ ਬੰਦ ਹੋਣ ਦੇ ਕਿਨਾਰੇ ਹਨ l
ਸਾਰੀਆਂ ਘਰ ਵਿੱਚ ਵਰਤਣ ਵਾਲੀਆਂ ਚੀਜ਼ਾਂ, ਕਰਿਆਨੇ ਵਾਲੀਆਂ ਚੀਜ਼ਾਂ ਅਤੇ ਘਰਾਂ ਦੀਆਂ ਕੀਮਤਾਂ ਵਧਣ ਕਾਰਨ ਆਮ ਵਿਅਕਤੀ ਦਾ ਬੁਰਾ ਹਾਲ ਹੋ ਰਿਹਾ ਹੈ l ਮਹਿੰਗਾਈ ਦੀ ਦਰ ਦਾ ਕੁੱਝ ਲੋਕ ਫਾਇਦਾ ਉੱਠਾ ਲੈਂਦੇ ਹਨ ਅਤੇ ਕੁੱਝ ਲੋਕਾਂ ਨੂੰ ਮਹਿੰਗਾਈ ਮਾਰਦੀ ਹੈ l
ਇਸ ਤਰਾਂ ਕਿਉਂ ਹੈ? ਇਸ ਦਾ ਸਭ ਤੋਂ ਵੱਡਾ ਕਾਰਨ ਦੋਨਾਂ ਦੀ ਸਮਝ ਵਿੱਚ ਫਰਕ ਹੈ ਜਾਂ ਦੋਨਾਂ ਦੇ ਸੋਚਣ ਦੇ ਢੰਗ ਵਿੱਚ ਫਰਕ ਹੈ l ਆਓ ਇਸ ਫਰਕ ਨੂੰ ਸਮਝੀਏ l
ਕਾਮਾ/ਦਿਹਾੜੀਦਾਰ, ਨੌਕਰੀ ਵਾਲਾ ਜਾਂ ਛੋਟਾ ਕਾਰੋਬਾਰੀ :- ਇਨ੍ਹਾਂ ਵਿੱਚੋਂ ਜਿਆਦਾ ਵਿਅਕਤੀਆਂ ਨੂੰ ਉਨ੍ਹਾਂ ਦੇ ਮਾਂ ਬਾਪ ਵਲੋਂ ਸਿੱਖਿਆ ਦਿੱਤੀ ਜਾਂਦੀ ਹੈ ਕਿ ਜਿਆਦਾ ਪੜ੍ਹੋ, ਚੰਗੀ ਜੌਬ (ਨੌਕਰੀ) ਲੱਭੋ, ਤੁਹਾਡੇ ਕੋਲ ਵਧੀਆ ਕਾਰ ਹੋਵੇ, ਵਧੀਆ ਘਰ ਹੋਵੇ ਅਤੇ ਜਦੋਂ ਤੁਸੀਂ ਕਾਰ ਅਤੇ ਘਰ ਦਾ ਸਾਰਾ ਕਰਜ਼ਾ ਉਤਾਰ ਦਿਓ ਤਾਂ ਤੁਹਾਡੀ ਜਿੰਦਗੀ ਪੂਰੀ ਤਰਾਂ ਸੈੱਟ ਹੋ ਜਾਵੇਗੀ l ਜੋ ਇਨ੍ਹਾਂ ਦੇ ਦੋਸਤ ਹੁੰਦੇ ਹਨ ਉਹ ਵੀ ਇਨ੍ਹਾਂ ਵਰਗੇ ਹੀ ਹੁੰਦੇ ਹਨ l ਭਾਵ ਉਨ੍ਹਾਂ ਨੂੰ ਵੀ ਇਹੀ ਸਿੱਖਿਆ ਦਿੱਤੀ ਜਾਂਦੀ ਹੈ l ਜਦੋਂ ਇਹ ਰਲ ਕੇ ਇਕੱਠੇ ਬੈਠਦੇ ਹਨ ਤਾਂ ਵੀ ਇਹ ਇਨ੍ਹਾਂ ਗੱਲਾਂ ਤੇ ਹੀ ਕੇਂਦਰਤ ਹੁੰਦੇ ਹਨ l ਇਹ ਵੱਧ ਤੋਂ ਵੱਧ ਕੰਮ ਕਰਕੇ ਘਰਾਂ ਦਾ ਅਤੇ ਕਾਰਾਂ ਦਾ ਕਰਜ਼ਾ ਉਤਾਰਦੇ ਹਨ l ਜੋ ਇਨ੍ਹਾਂ ਨੂੰ ਪੈਸਾ ਕੰਮ ਤੋਂ ਬਚਦਾ ਹੈ ਤਾਂ ਇਹ ਬੱਚਤ ਖਾਤੇ ਵਿੱਚ ਜਮ੍ਹਾਂ ਕਰਾ ਦਿੰਦੇ ਹਨ l ਕਈ ਇਨ੍ਹਾਂ ਵਿੱਚੋਂ ਵੱਧ ਘੰਟੇ ਕੰਮ ਕਰਕੇ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰਦੇ ਹਨ l ਵੱਧ ਕੰਮ ਕਰਨ ਨਾਲ ਇਨ੍ਹਾਂ ਦੀ ਤਨਖਾਹ ਵਧ ਜਾਂਦੀ ਹੈ ਜਿਸ ਨਾਲ ਇਨ੍ਹਾਂ ਦਾ ਟੈਕਸ ਵਧਣ ਨਾਲ ਵੀ ਇਨ੍ਹਾਂ ਤੇ ਸਰਕਾਰ ਵਲੋਂ ਹੋਰ ਬੋਝ ਪੈਂਦਾ ਹੈ l
ਹੁਣ ਦੇਖਣ ਦੀ ਲੋੜ ਹੈ ਕਿ ਟੈਕਸ ਦੇ ਕਨੂੰਨ ਸਰਮਾਏਦਾਰਾਂ ਵਲੋਂ ਬਣਾਏ ਜਾਂਦੇ ਹਨ l ਸਰਕਾਰ ਜਿਹੜੀ ਮਰਜ਼ੀ ਹੋਵੇ l ਉਸ ਨਾਲ ਵੱਡਾ ਫਰਕ ਨਹੀਂ ਪੈਂਦਾ l ਬਦਲੀ ਹੋਈ ਸਰਕਾਰ ਛੋਟੇ ਬਦਲਾਅ ਕਰਕੇ ਇਸ ਕਾਮਿਆਂ ਦੀ ਕਲਾਸ ਨੂੰ ਖੁਸ਼ ਕਰ ਦਿੰਦੀ ਹੈ ਜਿਸ ਨਾਲ ਉਸ ਦੀਆਂ ਵੋਟਾਂ ਪੱਕੀਆਂ ਹੋ ਜਾਂਦੀਆਂ ਹਨ l ਜਦੋਂ ਵੀ ਕਿਤੇ ਕੋਈ ਬੈਂਕ ਡੁੱਬ ਜਾਵੇ ਜਾਂ ਡੁੱਬਣ ਕਿਨਾਰੇ ਹੋਵੇ ਤਾਂ ਉਨ੍ਹਾਂ ਲੋਕਾਂ ਦੇ ਪੈਸੇ ਨੂੰ ਖਤਰਾ ਹੁੰਦਾ ਹੈ ਜਿਨਾਂ ਬੈਂਕ ਦੇ ਬੱਚਤ ਖਾਤੇ ਵਿੱਚ ਪੈਸੇ ਰੱਖੇ ਹੁੰਦੇ ਹਨ l ਭਾਵ ਉਹ ਪੈਸਾ ਇਸੇ ਸਖ਼ਤ ਮਿਹਨਤ ਕਰਨ ਵਾਲੀ ਕਲਾਸ ਦਾ ਹੀ ਹੁੰਦਾ ਹੈ ਅਤੇ ਉਸੇ ਨੂੰ ਹੀ ਖਤਰਾ ਹੁੰਦਾ ਹੈ l
ਹੁਣ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਫਿਰ ਅਮੀਰਾਂ ਨੂੰ ਖਤਰਾ ਕਿਉਂ ਨਹੀਂ ਹੁੰਦਾ? ਆਓ ਦੇਖਦੇ ਹਾਂ lਅਮੀਰ ਲੋਕ ਜਾਂ ਵੱਡੇ ਕਾਰੋਬਾਰਾਂ ਵਾਲੇ :- ਇਨ੍ਹਾਂ ਵਿੱਚੋਂ ਕਾਫੀ ਗਿਣਤੀ ਵਿੱਚ ਘੱਟ ਪੜ੍ਹੇ ਹੋਏ ਹੁੰਦੇ ਹਨ l ਇਸ ਕਰਕੇ ਇਨ੍ਹਾਂ ਨੂੰ ਕੋਈ ਚੰਗੀ ਤਨਖਾਹ ਵਾਲੀ ਜੌਬ ਮਿਲਣ ਦਾ ਮੌਕਾ ਬਹੁਤ ਘੱਟ ਹੁੰਦਾ ਹੈ l ਇਹ ਡਾਕਟਰ, ਇੰਜੀਨੀਅਰ, ਅਧਿਆਪਕ, ਵਿਗਿਆਨੀ ਜਾਂ ਇਸ ਤਰਾਂ ਦੀਆਂ ਕੋਈ ਵੱਡੀਆਂ ਨੌਕਰੀਆਂ ਨਹੀਂ ਕਰ ਸਕਦੇ l ਇਨ੍ਹਾਂ ਵਿੱਚੋਂ ਕਈਆਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢਿਆ ਹੁੰਦਾ ਹੈ, ਕਈਆਂ ਕੋਲ ਪੜ੍ਹਾਈ ਲਈ ਪੈਸੇ ਨਾ ਹੋਣ ਕਰਕੇ ਉਹ ਸਕੂਲ ਜਲਦੀ ਛੱਡ ਦਿੰਦੇ ਹਨ ਅਤੇ ਕਈ ਆਗਿਆਕਾਰੀ ਨਹੀਂ ਹੁੰਦੇ ਜਿਸ ਕਰਕੇ ਇਹ ਪੜ੍ਹ ਨਹੀਂ ਪਾਉਂਦੇ l ਵਧੀਆ ਨੌਕਰੀ ਨਾ ਮਿਲਣ ਕਾਰਨ ਇਹ ਛੋਟੇ ਮੋਟੇ ਕਾਰੋਬਾਰ ਕਰਦਿਆਂ ਵੱਡੇ ਕਾਰੋਬਾਰਾਂ ਤੱਕ ਪਹੁੰਚਦੇ ਹਨ l ਇਹ ਬੱਚਤ ਕਰਨ ਦੀ ਬਜਾਏ ਪੈਸਾ ਕਾਰੋਬਾਰਾਂ ਵਿੱਚ ਇਨਵੈਸਟ ਕਰਦੇ ਹਨ l ਇਸ ਵਾਸਤੇ ਬੈਂਕਾਂ ਤੋਂ ਕਰਜ਼ਾ ਲੈਂਦੇ ਹਨ l ਬਹੁਤਿਆਂ ਨੇ ਬੱਚਤ ਖਾਤੇ ਹੀ ਨਹੀਂ ਰੱਖੇ ਹੁੰਦੇ l ਇਨ੍ਹਾਂ ਦਾ ਸਾਰਾ ਕੰਮ ਕਰਜ਼ੇ ਨਾਲ ਹੀ ਚੱਲਦਾ ਹੈ l ਇਨ੍ਹਾਂ ਨੂੰ ਸਿੱਖਿਆ ਇਹ ਮਿਲਦੀ ਹੈ ਕਿ ਤੁਸੀਂ ਜਿੰਨਾ ਕਰਜ਼ਾ ਵੱਧ ਲਵੋਗੇ ਓਨਾ ਹੀ ਅਮੀਰ ਵੱਧ ਹੋਵੋਗੇ l ਇਥੇ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਭਾਵੇਂ ਪੜ੍ਹੇ ਲਿਖੇ ਨਹੀਂ ਹੁੰਦੇ ਪਰ ਇਨ੍ਹਾਂ ਨੇ ਵੱਧ ਪੜ੍ਹੇ ਲਿਖੇ ਲੋਕ ਆਪਣੀਆਂ ਕੰਪਨੀਆਂ ਵਿੱਚ ਨੌਕਰੀ ਤੇ ਰੱਖੇ ਹੋਏ ਹੁੰਦੇ ਹਨ ਜੋ ਆਪਣੀ ਪੜ੍ਹਾਈ ਦੇ ਨਾਲ ਇਨ੍ਹਾਂ ਨੂੰ ਹੋਰ ਅਮੀਰ ਕਰਦੇ ਹਨ l
ਹੁਣ ਇਥੇ ਦੋਨਾਂ ਕਲਾਸਾਂ ਵਿੱਚ ਵੱਡਾ ਫਰਕ ਪੈ ਜਾਂਦਾ ਹੈ l ਕਾਮਾਂ ਕਲਾਸ ਜਾਂ ਛੋਟੇ ਕਾਰੋਬਾਰ ਵਾਲੇ ਨੂੰ ਬੱਚਤ ਦੀ ਆਦਤ ਪੈ ਗਈ ਅਤੇ ਕਰਜ਼ਾ ਉਤਾਰਨ ਦੀ ਆਦਤ ਪੈ ਗਈ l ਇਸ ਦੇ ਮੁਕਾਬਲੇ ਅਮੀਰ ਨੂੰ ਕਰਜ਼ਾ ਚੁੱਕਣ ਦੀ ਆਦਤ ਪੈ ਗਈ ਅਤੇ ਬੱਚਤ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਉਣ ਦੀ ਬਜਾਏ ਇਨਵੈਸਟ ਕਰਨ ਦੀ ਆਦਤ ਪੈ ਗਈ l
ਹੁਣ ਦੇਖਦੇ ਹਾਂ ਕਿ ਇਨਫਲੇਸ਼ਨ (ਮਹਿੰਗਾਈ) ਦਾ ਦੋਨਾਂ ਧਿਰਾਂ ਤੇ ਕੀ ਅਸਰ ਪਿਆ?
ਕਾਮਾ/ਮਜ਼ਦੂਰ ਕਲਾਸ ਤੇ ਅਸਰ :- ਇਨ੍ਹਾਂ ਦਾ ਪੈਸਾ ਬੱਚਤ ਖਾਤੇ ਵਿੱਚ ਜ਼ਮ੍ਹਾ ਹੋਣ ਕਾਰਨ ਮਹਿੰਗਾਈ ਵਧਣ ਕਾਰਨ ਉਸ ਦੀ ਕੀਮਤ ਘੱਟ ਗਈ l ਭਾਵ ਜੇ ਇਨ੍ਹਾਂ ਦੋ ਸਾਲ ਪਹਿਲਾਂ ਇੱਕ ਲੱਖ ਡਾਲਰ ਬੈਂਕ ਵਿੱਚ ਜ਼ਮਾਂ ਕਰਾਇਆ ਸੀ l ਉਸ ਸਮੇਂ ਜੇ ਇੱਕ ਬਿਸਕੁਟਾਂ ਦੇ ਪੈਕਟ ਦੀ ਕੀਮਤ ਇੱਕ ਡਾਲਰ ਸੀ ਤਾਂ ਉਸ ਸਮੇਂ ਉਹ ਉਸ ਪੈਸੇ ਨਾਲ ਇੱਕ ਲੱਖ ਬਿਸਕੁਟਾਂ ਦੇ ਪੈਕਟ ਖਰੀਦ ਸਕਦਾ ਸੀ l ਜੇ ਹੁਣ ਉਹ ਬਿਸਕੁਟਾਂ ਦਾ ਪੈਕਟ ਦੋ ਡਾਲਰ ਦਾ ਹੋ ਗਿਆ ਹੋਵੇ ਤਾਂ ਉਸ ਇੱਕ ਲੱਖ ਡਾਲਰ ਵਿੱਚ ਸਿਰਫ 50,000 ਪੈਕਟ ਖਰੀਦੇ ਜਾਣਗੇ l ਭਾਵ ਗਰੀਬ ਦਾ ਅੱਧਾ ਪੈਸਾ ਇਮਾਨਦਾਰੀ ਨਾਲ ਲੁੱਟ ਲਿਆ ਗਿਆ l
ਅਮੀਰ ਜਾਂ ਵੱਡੇ ਕਾਰੋਬਾਰੀ :- ਕਿਉਂਕਿ ਇਨ੍ਹਾਂ ਬੈਂਕ ਤੋਂ ਕਰਜ਼ਾ ਲਿਆ ਹੁੰਦਾ ਹੈ ਇਸ ਕਰਕੇ ਜੇ ਦੋ ਸਾਲ ਪਹਿਲਾਂ ਬੈਂਕ ਤੋਂ ਇਨ੍ਹਾਂ ਨੇ ਇੱਕ ਲੱਖ ਡਾਲਰ ਕਰਜ਼ਾ ਲੈ ਕੇ ਆਪਣੇ ਕਾਰੋਬਾਰ ਤੇ ਲਗਾ ਲਿਆ ਜਾਂ ਉਸ ਦਾ ਘਰ ਜਾਂ ਦੁਕਾਨ ਖਰੀਦ ਲਈ l ਮਹਿੰਗਾਈ ਵਧਣ ਜਾਂ ਡਾਲਰ ਦੀ ਕੀਮਤ ਘਟਣ ਕਾਰਨ ਉਸ ਦੁਕਾਨ, ਘਰ ਜਾਂ ਕਾਰੋਬਾਰ ਦੀ ਕੀਮਤ ਦੋ ਸਾਲਾਂ ਵਿੱਚ ਵਧ ਗਈ l ਕਈ ਕੇਸਾਂ ਵਿੱਚ ਡੇਢੀ ਜਾਂ ਦੁੱਗਣੀ ਹੋ ਗਈ ਪਰ ਬੈਂਕ ਤੋਂ ਲਿਆ ਕਰਜ਼ਾ ਓਨਾ ਹੀ ਰਿਹਾ l ਉਸ ਦਾ ਸਿਰਫ ਉਨ੍ਹਾਂ ਵਿਆਜ਼ ਹੀ ਦਿੱਤਾ l ਇਸ ਤਰਾਂ ਉਹ ਬੈਂਕ ਦੇ ਕਰਜ਼ੇ ਨਾਲ ਹੀ ਹੋਰ ਅਮੀਰ ਹੋ ਗਏ l ਇਸ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਉਹ ਆਪਣੇ ਕਾਰੋਬਾਰ ਵਿੱਚ ਵੇਚਦੇ ਸੀ ਮਹਿੰਗਾਈ ਵਧਣ ਨਾਲ ਉਨ੍ਹਾਂ ਚੀਜ਼ਾਂ ਦੀ ਕੀਮਤ ਵਧ ਗਈ ਜੋ ਕਾਮਿਆਂ ਨੂੰ ਵੱਧ ਮੁੱਲ ਤੇ ਖਰੀਦਣੀਆਂ ਪਈਆਂ l ਭਾਵ ਅਮੀਰ ਲੋਕ ਬਿਨਾਂ ਹੇਰਾ ਫੇਰੀ ਕੀਤਿਆਂ ਹੀ ਹੋਰ ਅਮੀਰ ਹੋ ਗਏ l ਹੁਣ ਜੇਕਰ ਬੈਂਕ ਡੁੱਬ ਜਾਂਦੀ ਹੈ ਤਾਂ ਅਮੀਰਾਂ ਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਦਾ ਕੋਈ ਵੀ ਪੈਸਾ ਬੈਂਕ ਦੇ ਬੱਚਤ ਖਾਤੇ ਵਿੱਚ ਨਹੀਂ ਹੈ ਸਗੋਂ ਉਨ੍ਹਾਂ ਕਰਜ਼ਾ ਲਿਆ ਹੋਇਆ ਹੈ ਜਿਸ ਨੂੰ ਬੈਂਕ ਡੁੱਬਣ ਨਾਲ ਕੋਈ ਖਤਰਾ ਨਹੀਂ ਹੋਵੇਗਾ l
ਇਥੇ ਇੱਕ ਹੋਰ ਵੱਡਾ ਫਰਕ ਹੈ ਜੇਕਰ ਕਾਮਾ ਜਾਂ ਮਜ਼ਦੂਰ ਕਲਾਸ ਨੇ ਕਰਜ਼ਾ ਲੈ ਕੇ ਘਰ ਖਰੀਦਿਆ ਹੋਇਆ ਹੈ ਅਤੇ ਕਾਮੇ ਜਾਂ ਮਜ਼ਦੂਰ ਦੀ ਨੌਕਰੀ ਖੁੱਸ ਜਾਣ ਕਾਰਨ ਉਹ ਉਸ ਕਰਜ਼ੇ ਦੀ ਕਿਸ਼ਤ ਨਾ ਦੇ ਸਕੇ ਤਾਂ ਬੈਂਕ ਉਸ ਦੇ ਘਰ ਨੂੰ ਕੁੱਝ ਮਹੀਨਿਆਂ ਵਿੱਚ ਹੀ ਵੇਚ ਕੇ ਆਪਣਾ ਕਰਜ਼ਾ ਪੂਰਾ ਕਰ ਲਵੇਗੀ ਪਰ ਜੇਕਰ ਵੱਡੇ ਕਾਰੋਬਾਰੀ ਦਾ ਕਾਰੋਬਾਰ ਮੰਦਾ ਪੈਣ ਨਾਲ ਕਿਸ਼ਤ ਨਾ ਦੇ ਹੋਵੇ ਤਾਂ ਬੈਂਕ ਹੋਰ ਪੈਸਾ ਦੇ ਕੇ ਉਸ ਦਾ ਕਾਰੋਬਾਰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਸ ਦੇ ਕਾਰੋਬਾਰ ਦੇ ਬੰਦ ਹੋਣ ਨਾਲ ਬੈਂਕ ਨੂੰ ਵੱਡਾ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ l
ਇਸ ਲੇਖ ਦਾ ਇਹ ਭਾਵ ਨਹੀਂ ਹੈ ਕਿ ਦਿਹਾੜੀਦਾਰ ਵੀ ਕਰਜ਼ਾ ਲੈਣਾ ਸ਼ੁਰੂ ਕਰੇ ਤਾਂ ਉਸ ਦੀ ਜਿੰਦਗੀ ਸੁਧਰ ਜਾਵੇਗੀ l ਕਰਜ਼ੇ ਦੀਆਂ ਕਿਸਮਾਂ ਨੂੰ ਸਮਝਣ ਦੀ ਲੋੜ ਹੈ l ਇਹ ਵੀ ਸਮਝਣ ਦੀ ਲੋੜ ਹੈ ਕਿ ਕਰਜ਼ਾ ਕਿਵੇਂ ਵਰਤਣਾ ਹੈ?
ਜੇਕਰ ਮਜ਼ਦੂਰ ਕਲਾਸ ਇਸ ਫਰਕ ਨੂੰ ਨਹੀਂ ਸਮਝਦੀ ਤਾਂ ਇਹ ਲੁੱਟ ਇਸੇ ਤਰਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ l ਜੋ ਸਕੂਲਾਂ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ ਉਸ ਵਿੱਚ ਇਹ ਜਾਣਕਾਰੀ ਨਹੀਂ ਦਿੱਤੀ ਜਾਂਦੀ l
ਆਮ ਸਕੂਲਾਂ ਵਿੱਚ ਪੜ੍ਹਨ ਲਈ 7 ਜਾਂ 8 ਵਿਸ਼ੇ ਹੁੰਦੇ ਹਨ ਪਰ ਸਾਨੂੰ ਪੈਸੇ ਜਾਂ ਮਨੀ ਦੀ ਲੋੜ ਸਾਰੀ ਉਮਰ ਪੈਂਦੀ ਹੈ l ਕੀ ਕਦੇ ਤੁਸੀਂ ਸੋਚਿਆ ਕਿ ਪੈਸੇ ਦਾ ਜਾਂ ਮਨੀ ਦਾ ਵਿਸ਼ਾ ਸਕੂਲ ਵਿੱਚ ਕਿਉਂ ਨਹੀਂ ਰੱਖਿਆ ਗਿਆ ਸੀ? ਉਸ ਦਾ ਜਵਾਬ ਇਹ ਹੀ ਹੈ ਕਿ ਅਮੀਰ ਤੁਹਾਨੂੰ ਇਹ ਦੱਸਣਾ ਹੀ ਨਹੀਂ ਚਾਹੁੰਦੇ ਕਿ ਪੈਸਾ ਕਿਵੇਂ ਵਰਤਣਾ ਹੈ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147