ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਜੋਤੀ ਗੋਨਡੇਕ, ਕੈਲਗਰੀ ਦੇ ਪਹਿਲੇ ਮਹਿਲਾ ਮੇਅਰ ਬਣਨ ਤੋਂ ਇੱਕ ਦਿਨ ਮਗਰੋਂ ਵਾਪਰੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕੈਲਗਰੀ ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ, ਸਾਨੂੰ ਦਸ਼ਮੇਸ ਕਲਚਰਲ ਸੈਂਟਰ ਕੋਲ ਹੋਈ ਗਰੇਫਿਟੀ ਘਟਨਾ ਬਾਰੇ ਪਤਾ ਹੈ। ਇਹ ਕਾਰਵਾਈ ਸਵੀਕਾਰਨਯੋਗ ਨਹੀਂ ਹੈ ਅਤੇ ਅਸੀਂ ਡੂੰਘਾਈ ਨਾਲ ਜਾਂਚ ਕਰਕੇ ਜ਼ਿੰਮੇਵਾਰਾਂ ਨੂੰ ਜਵਾਬਦੇਹ ਬਣਾਉਣ ਲਈ ਵਚਨਬੱਧ ਹਾਂ।
ਘਟਨਾ ਦੀ ਕੈਲਗਰੀ ਵਿੱਚ ਚੁਤਰਫ਼ਾ ਨਿੰਦਾ ਹੋ ਰਹੀ ਹੈ। ਟਵਿੱਟਰ ਉੱਪਰ ਬਹੁਤ ਸਾਰੇ ਸਿਆਸੀ ਆਗੂਆਂ ਨੇ ਇਸ ਮਸਲੇ ਬਾਰੇ ਟਵੀਟ ਕੀਤੇ ਹਨ ਅਤੇ ਲਿਖਿਆ ਹੈ ਕਿ ਕੈਨੇਡੀਅਨ ਸਮਾਜ ਵਿੱਚ ਅਜਿਹੇ ਕੰਮਾਂ ਲਈ ਕੋਈ ਥਾਂ ਨਹੀ ਹੋਣੀ ਚਾਹੀਦੀ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰੇ ਨੂੰ ਨਸਲੀ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ ਜਦੋਂ 2016 ਵਿੱਚ ਗੁਰਦੁਆਰੇ ਦੇ ਬਾਹਰ ਨਾਜ਼ੀ ਸਵਾਸਤਿਕ ਦੇ ਨਿਸ਼ਾਨ ਬਣਾਏ ਗਏ ਸਨ।