ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਸੰਭਾਵੀ ਹੱਲ ਬਾਰੇ ਵਿਚਾਰ ਕਰਨ ਲਈ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਕੈਪਟਨ ਨੇ ਕਿਹਾ ਕਿ ਉਹ ਕੁਝ ਖੇਤੀ ਮਾਹਿਰਾਂ ਨਾਲ ਸ਼ਾਹ ਨੂੰ ਮਿਲਣਗੇ। ਉਨ੍ਹਾਂ ਕਿਹਾ, ” ਵੀਰਵਾਰ ਨੂੰ ਮੈਂ ਗ੍ਰਹਿ ਮੰਤਰੀ ਸ਼ਾਹ ਨੂੰ ਮਿਲਣ ਜਾ ਰਿਹਾ ਹਾਂ ਅਤੇ ਮੇਰੇ ਨਾਲ 25-30 ਲੋਕ ਆਉਣਗੇ।”
ਕੈਪਟਨ ਨੇ ਇਹ ਵੀ ਕਿਹਾ ਕਿ ਉਹ ਸਿਆਸੀ ਪਾਰਟੀ ਸ਼ੁਰੂ ਕਰਨ ਦੀ ਕਗਾਰ ‘ਤੇ ਹਨ ਅਤੇ ਜਿਵੇਂ ਹੀ ਚੋਣ ਕਮਿਸ਼ਨ ਵੱਲੋਂ ਨਾਮ ਅਤੇ ਚੋਣ ਨਿਸ਼ਾਨ ਨੂੰ ਮਨਜ਼ੂਰੀ ਮਿਲੇਗੀ, ਪਾਰਟੀ ਦਾ ਐਲਾਨ ਕਰ ਦੇਣਗੇ। ਕੈਪਟਨ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੱਲ ਲੱਭਣ ਵਿੱਚ ਮਦਦ ਕਰ ਸਕਦਾ ਹਾਂ, ਕਿਉਂਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ ਅਤੇ ਇੱਕ ਕਿਸਾਨ ਵੀ ਹਾਂ।” ਉਨ੍ਹਾਂ ਕਿਹਾ, ‘‘ਕਿਸਾਨਾਂ ਦੇ ਮੁੱਦਿਆਂ ’ਤੇ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਤਿੰਨ ਵਾਰ ਮਿਲ ਚੁੱਕੇ ਹਨ।”
ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨ ਅੰਦੋਲਨ ਦੇ ਹੱਲ ਲਈ ਕੋਈ ਪਹਿਲਾਂ ਤੋਂ ਤੈਅ ਫਾਰਮੂਲਾ ਨਹੀਂ ਹੋ ਸਕਦਾ ਪਰ ਗੱਲਬਾਤ ਤੋਂ ਕੁਝ ਜ਼ਰੂਰ ਨਿਕਲੇਗਾ ਕਿਉਂਕਿ ਦੋਵੇਂ ਧਿਰਾਂ ਕੇਂਦਰ ਸਰਕਾਰ ਅਤੇ ਕਿਸਾਨ ਖੇਤੀਬਾੜੀ ਕਾਨੂੰਨ ਦੇ ਸੰਕਟ ਦਾ ਹੱਲ ਚਾਹੁੰਦੀਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੀਆਂ ਕਿਆਸਰਾਈਆਂ ਵਿਚਾਲੇ ਅੱਜ ਉਨ੍ਹਾਂ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਮੈਂ ਪਾਰਟੀ ਬਣਾਉਣ ਜਾ ਰਿਹਾ ਹਾਂ ਪਰ ਮੈਨੂੰ ਅਜੇ ਨਾਂ ਨਹੀਂ ਪਤਾ। ਪਾਰਟੀ ਦੇ ਨਾਂ ਲਈ ਮੇਰੇ ਵਕੀਲ ਚੋਣ ਕਮਿਸ਼ਨ ਨਾਲ ਰਾਬਤਾ ਕਰ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਫ਼ਿਲਹਾਲ ਮੈਂ ਨਾ BJP ਤੇ ਨਾ ਹੀ ਢੀਂਡਸਾ ਧੜੇ ਨਾਲ ਇਸ ਬਾਰੇ ਗੱਲ ਕੀਤੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਅਸੀਂ 117 ਸੀਟਾਂ ‘ਤੇ ਚੋਣਾਂ ਲੜਾਂਗੇ। ਕੈਪਟਨ ਨੇ ਕਿਹਾ ਅਸੀਂ ਬਹੁਤ ਸਾਰੇ ਕਾਂਗਰਸੀ ਲੀਡਰਾਂ ਦੇ ਸੰਪਰਕ ‘ਚ ਹਾਂ। ਨਵਜੋਤ ਸਿੱਧੂ ਜਿੱਥੋਂ ਵੀ ਲੜੇਗਾ, ਅਸੀਂ ਉਸ ਖ਼ਿਲਾਫ ਲੜਾਂਗੇ। ਕੈਪਟਨ ਨੇ ਸਿੱਧੂ ਖ਼ਿਲਾਫ਼ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਸਰਵੇ ਮੁਤਾਬਕ ਕਾਂਗਰਸ ਦੀ ਪ੍ਰਸਿੱਧੀ ਸਿੱਧੂ ਕਰਕੇ 20 ਫੀਸਦ ਘਟੀ ਹੈ।